ਪੀਐੱਸਪੀਸੀਐੱਲ ਵੱਲੋਂ ਪਟਿਆਲਾ ਵਿਖੇ ਮਾਸਿਕ ਇਨੋਵੇਸ਼ਨ ਮੁਕਾਬਲੇ ਦੇ ਜੇਤੂਆਂ ਦਾ ਸਨਮਾਨ

ਪੀਐੱਸਪੀਸੀਐੱਲ ਵੱਲੋਂ ਪਟਿਆਲਾ ਵਿਖੇ ਮਾਸਿਕ ਇਨੋਵੇਸ਼ਨ ਮੁਕਾਬਲੇ ਦੇ ਜੇਤੂਆਂ ਦਾ ਸਨਮਾਨ
(ਪਟਿਆਲਾ 25 ਅਕਤੂਬਰ – ਜਸਵਿੰਦਰ ਜੁਲਕਾ ਨਿਊਜ਼ ਰੂਮ ਬਿਊਰੋ) ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਵੱਲੋਂ ਆਪਣੇ ਮਾਸਿਕ ਇਨੋਵੇਸ਼ਨ ਮੁਕਾਬਲੇ ਅਕਤੂਬਰ 2026 ਦੇ ਜੇਤੂਆਂ ਨੂੰ ਸਨਮਾਨਿਤ ਕਰਨ ਲਈ ਇਨਾਮ ਵੰਡ ਸਮਾਰੋਹ ਪੀਐੱਸਈਬੀ ਅਫ਼ਸਰਜ਼ ਕਲੱਬ ਪਟਿਆਲਾ ਵਿਖੇ ਕਰਵਾਇਆ ਗਿਆ। ਇਸ ਮੌਕੇ ਤਰੁਨਪ੍ਰੀਤ ਸਿੰਘ ਸੌਂਦ ਬਿਜਲੀ ਮੰਤਰੀ ਪੰਜਾਬ ਅਤੇ ਇੰਜੀ. ਗੁਰਕਿਰਤ ਕਿਰਪਾਲ ਸਿੰਘ, ਆਈ.ਏ.ਐੱਸ.(ਸੀਐੱਮਡੀ) ਨੇ ਸ਼ਿਰਕਤ ਕੀਤੀ ਅਤੇ ਅਧਿਕਾਰੀਆ ਅਤੇ ਕਰਮਚਾਰੀਆਂ ਨੂੰ ਸੰਸਥਾ ਵਿੱਚ ਨਵੀਨਤਾ ਨੂੰ ਉਤਸ਼ਾਹਿਤ ਕਰਨ ਲਈ ਉਨ੍ਹਾਂ ਦੇ ਯੋਗਦਾਨ ਵਾਸਤੇ ਪ੍ਰੇਰਿਤ ਕੀਤਾ। ਮੁਕਾਬਲੇ ਦੇ ਜੇਤੂਆਂ ਨੂੰ ਉਨ੍ਹਾਂ ਦੇ ਨਵੀਨਤਮ ਯੋਗਦਾਨ ਅਤੇ ਕੀਮਤੀ ਸੁਝਾਵਾਂ ਲਈ ਪੀਐੱਸਪੀਸੀਐੱਲ ਮੈਨੇਜਮੈਂਟ ਵੱਲੋਂ ਸਨਮਾਨਿਤ ਕੀਤਾ ਗਿਆ। ਬਿਜਲੀ ਮੰਤਰੀ ਨੇ ਜ਼ੋਰ ਦੇਕੇ ਕਿਹਾ ਕਿ ਪੰਜਾਬ ਦੇ ਮਾਣਯੋਗ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਦੂਰਅੰਦੇਸ਼ ਅਗਵਾਈ ਅਤੇ ਪੀਐੱਸਪੀਸੀਐੱਲ ਦੇ ਅਧਿਕਾਰੀਆ ਅਤੇ ਕਰਮਚਾਰੀਆਂ ਦੀ ਸਮੂਹਿਕ ਵਚਨਬੱਧਤਾ ਤੇ ਸਖ਼ਤ ਮਿਹਨਤ ਸਦਕਾ ਕਾਰਪੋਰੇਸ਼ਨ ਨੇ ਲਗਭਗ 17,500 ਮੈਗਾਵਾਟ ਦੀ ਰਿਕਾਰਡ ਬਿਜਲੀ ਮੰਗ ਨੂੰ ਪੂਰਾ ਕਰਨ ਦੇ ਨਾਲ-ਨਾਲ ਖੇਤੀਬਾੜੀ ਖਪਤਕਾਰਾਂ ਨੂੰ ਨਿਰਧਾਰਤ ਅੱਠ ਘੰਟੇ ਬਿਜਲੀ ਸਪਲਾਈ ਯਕੀਨੀ ਬਣਾਈ ਅਤੇ ਲੋੜ ਅਨੁਸਾਰ 12 ਤੋਂ 15 ਘੰਟਿਆਂ ਤੱਕ ਵਾਧੂ ਸਪਲਾਈ ਵੀ ਦਿੱਤੀ। ਇਸ ਦੇ ਨਾਲ ਹੀ ਘਰੇਲੂ ਖਪਤਕਾਰਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਮੁਹੱਈਆ ਕਰਵਾਈ ਗਈ। ਉਨ੍ਹਾਂ ਨੇ ਅੱਗੇ ਕਿਹਾ ਕਿ ਐਲ ਨੀਨੋ ਦੇ ਪ੍ਰਭਾਵ ਅਤੇ ਕੇਂਦਰੀ ਖੇਤਰ ਤੋਂ ਕੋਲੇ ਦੀ ਉਪਲਬਧਤਾ ਵਿੱਚ ਆ ਰਹੀਆਂ ਰੁਕਾਵਟਾਂ ਵਰਗੀਆਂ ਚੁਣੌਤੀਆਂ ਦੇ ਬਾਵਜੂਦ ਪੀਐੱਸਪੀਸੀਐੱਲ ਨੇ ਪ੍ਰਭਾਵਸ਼ਾਲੀ ਯੋਜਨਾਬੰਦੀ ਅਤੇ ਆਪਣੇ ਕਰਮਚਾਰੀਆਂ ਦੇ ਸਮਰਪਿਤ ਯਤਨਾਂ ਸਦਕਾ ਸੂਬੇ ਦੀ ਬਿਜਲੀ ਸਪਲਾਈ ਨੂੰ ਸਫ਼ਲਤਾਪੂਰਵਕ ਸੰਭਾਲਿਆ। ਸਮਾਗਮ ਨੂੰ ਸੰਬੋਧਨ ਕਰਦਿਆਂ ਇੰਜੀ. ਗੁਰਕਿਰਤ ਕਿਰਪਾਲ ਸਿੰਘ, ਸੀਐੱਮਡੀ ਨੇ ਸੰਸਥਾ ਨੂੰ ਵਧੇਰੇ ਕੁਸ਼ਲ, ਜਵਾਬਦੇਹ ਅਤੇ ਖਪਤਕਾਰ-ਪੱਖੀ ਬਣਾਉਣ ਵਿੱਚ ਨਵੀਨਤਾ ਦੀ ਮਹੱਤਤਾ ’ਤੇ ਜ਼ੋਰ ਦਿੱਤਾ। ਉਨ੍ਹਾਂ ਦੱਸਿਆ ਕਿ ਮਾਸਿਕ ਇਨੋਵੇਸ਼ਨ ਮੁਕਾਬਲੇ ਦੀ ਸ਼ੁਰੂਆਤ ਪੀਐੱਸਪੀਸੀਐੱਲ ਦੇ ਅਧਿਕਾਰੀਆ ਅਤੇ ਕਰਮਚਾਰੀਆਂ ਦੇ ਨਵੇਂ ਵਿਚਾਰਾਂ ਅਤੇ ਵਿਹਾਰਕ ਸੁਝਾਵਾਂ ਨੂੰ ਉਤਸ਼ਾਹਿਤ ਕਰਨ, ਉਨ੍ਹਾਂ ਦੀ ਸਿਰਜਣਾਤਮਕਤਾ ਨੂੰ ਮਾਨਤਾ ਦੇਣ ਅਤੇ ਸੰਸਥਾ ਦੇ ਵਿਕਾਸ ਵਿੱਚ ਉਨ੍ਹਾਂ ਦੀ ਸਰਗਰਮ ਭਾਗੀਦਾਰੀ ਯਕੀਨੀ ਬਣਾਉਣ ਦੇ ਉਦੇਸ਼ ਨਾਲ ਕੀਤੀ ਗਈ ਹੈ। ਇਸ ਸਮਾਰੋਹ ਵਿੱਚ ਪੀਐੱਸਪੀਸੀਐੱਲ ਅਤੇ ਪੀਐੱਸਟੀਸੀਐੱਲ ਦੇ ਸੀਨੀਅਰ ਅਧਿਕਾਰੀਆਂ ਨੇ ਵੀ ਸ਼ਿਰਕਤ ਕੀਤੀ। ਇਨ੍ਹਾਂ ਵਿੱਚ ਇੰਜੀ. ਪੁਨਰਦੀਪ ਸਿੰਘ ਬਰਾੜ, ਡਾਇਰੈਕਟਰ ਜਨਰੇਸ਼ਨ,ਇੰਜੀ. ਇੰਦਰਪਾਲ ਸਿੰਘ, ਡਾਇਰੈਕਟਰ ਡਿਸਟ੍ਰੀਬਿਊਸ਼ਨ, ਇੰਜੀ. ਹਰਸ਼ਚਰਨ ਕੌਰ ਤ੍ਰੇਹਨ ਡਾਇਰੈਕਟਰ ਕਮਰਸ਼ੀਅਲ, ਸੀ.ਏ.ਵਿਨੋਦ ਬਾਂਸਲ, ਡਾਇਰੈਕਟਰ ਫਾਇਨਾਂਸ, ਪੀਐੱਸਟੀਸੀਐੱਲ ਅਤੇ ਇੰਜੀ. ਸੰਜੀਵ ਸੂਦ, ਡਾਇਰੈਕਟਰ ਟੈਕਨੀਕਲ, ਪੀਐੱਸਟੀਸੀਐੱਲ ਸ਼ਾਮਲ ਸਨ। ਮਾਸਿਕ ਇਨੋਵੇਸ਼ਨ ਮੁਕਾਬਲਾ ਨਵੀਨਤਾ ਦੇ ਸੱਭਿਆਚਾਰ ਨੂੰ ਪ੍ਰਫੁੱਲਤ ਕਰਨ, ਯੋਗਤਾ ਨੂੰ ਮਾਨਤਾ ਦੇਣ ਅਤੇ ਪੰਜਾਬ ਦੇ ਬਿਜਲੀ ਖੇਤਰ ਦੇ ਨਿਰੰਤਰ ਵਿਕਾਸ ਲਈ ਕਰਮਚਾਰੀਆਂ ਦੇ ਸਾਰਥਕ ਯੋਗਦਾਨ ਨੂੰ ਉਤਸ਼ਾਹਿਤ ਕਰਨ ਵੱਲ ਇੱਕ ਮਹੱਤਵਪੂਰਨ ਕਦਮ ਹੈ।
Jaswinder Julka

9779002584

More From Author

ਇੰਜ. ਇੰਦਰਜੀਤ ਸਿੰਘ ਗਿੱਲ ਬਣੇ ਪਟਿਆਲਾ ਸੈਂਟਰਲ ਮਾਰਕੀਟ ਐਸੋਸੀਏਸ਼ਨ ਦੇ ਪ੍ਰਧਾਨ

Leave a Reply

Your email address will not be published. Required fields are marked *

Recent Posts