ਚਾਈਨਾ ਡੋਰ ਨਾਲ ਹੋਣ ਵਾਲੀ ਮੌਤ ਸਿੱਧੇ ਤੌਰ ਤੇ ਹੱਤਿਆ ਮੰਨੀ ਜਾਏਗੀ – ਯੋਗੀ ਅਦਿਤਿਆਨਾਥ
ਪੰਜਾਬ ਵਿੱਚ ਵੀ ਇਹੋ ਜਿਹੇ ਸਖਤ ਕਾਨੂੰਨ ਦੀ ਲੋੜ
(ਪਟਿਆਲਾ : 6 ਫਰਵਰੀ ਜਸਵਿੰਦਰ ਜੁਲਕਾ ਨਿਊਜ਼ ਰੂਮ ਬਿਊਰੋ) ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਨੇ ਚਾਈਨਾ ਡੋਰ ਨਾਲ ਹੋਣ ਵਾਲੀਆਂ ਮੌਤਾਂ ਨੂੰ ਸਿੱਧੇ ਤੌਰ ਤੇ ਹੱਤਿਆ ਦੀ ਸ਼੍ਰੇਣੀ ਵਿੱਚ ਰੱਖਦੇ ਹੋਏ, ਦੋਸ਼ੀਆਂ ਖਿਲਾਫ ਸਖਤ ਕਾਰਵਾਈ ਦੇ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ। ਮੁੱਖ ਮੰਤਰੀ ਦਫਤਰ ਵੱਲੋਂ ਸੋਸ਼ਲ ਮੀਡੀਆ ਪਲੇਟਫਾਰਮ x ਤੇ ਜਾਰੀ ਕੀਤੀ ਗਈ, ਜਾਣਕਾਰੀ ਅਨੁਸਾਰ ਮੁੱਖ ਮੰਤਰੀ ਨੇ ਚਾਈਨਾ ਡੋਰ ਨਾਲ ਹੋ ਰਹੀਆਂ ਲਗਾਤਾਰ ਮੌਤਾਂ ਅਤੇ ਦੁਰਘਟਨਾਵਾਂ ਤੇ ਦੁੱਖ ਪ੍ਰਗਟ ਕਰਦੇ ਹੋਏ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕਰਨ ਦੇ ਪੂਰੇ ਰਾਜ ਵਿੱਚ ਹੁਕਮ ਜਾਰੀ ਕੀਤੇ ਹਨ। ਉਹਨਾਂ ਕਿਹਾ ਕਿ ਇਸ ਵਿਸ਼ੇ ਤੇ ਕਿਸੇ ਵੀ ਕਿਸਮ ਦੀ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਇੱਥੇ ਦੱਸਣ ਯੋਗ ਹੈ ਕਿ ਪਿਛਲੇ ਕੁਝ ਦਿਨਾਂ ਵਿੱਚ ਲਖਨਊ ਸ਼ਹਿਰ ਅਤੇ ਉੱਤਰ ਪ੍ਰਦੇਸ਼ ਰਾਜ ਵਿੱਚ ਚਾਈਨਾ ਡੋਰ ਨਾਲ ਕਾਫੀ ਮੋਟਰਸਾਈਕਲ ਅਤੇ ਸਾਈਕਲ ਸਵਾਰ ਘਾਇਲ ਹੋਏ ਹਨ ਅਤੇ ਕਈਆਂ ਦੀ ਇਸ ਦੌਰਾਨ ਮੌਤ ਵੀ ਹੋਈ ਹੈ।
(ਪੰਜਾਬ ਸਰਕਾਰ ਤੋਂ ਮੰਗ)
ਇਸੇ ਤਰ੍ਹਾਂ ਦੀ ਮੰਗ ਕੁਝ ਸਮਾਜਿਕ ਸੰਸਥਾਵਾਂ ਦੇ ਨੁਮਾਇੰਦਿਆਂ ਅਤੇ ਹੋਰ ਸੀਨੀਅਰ ਆਗੂਆਂ ਨੇ ਪੰਜਾਬ ਰਾਜ ਲਈ ਵੀ ਕੀਤੀ ਹੈ। ਉਹਨਾਂ ਮੰਗ ਕੀਤੀ ਅਤੇ ਕਿਹਾ ਕਿ ਯੂਪੀ ਦੀ ਤਰ੍ਹਾਂ ਪੰਜਾਬ ਵਿੱਚ ਵੀ ਇਸੇ ਤਰ੍ਹਾਂ ਦੇ ਸਖਤ ਕਾਨੂੰਨ ਦੀ ਲੋੜ ਹੈ ਤਾਂ ਜੋ ਚਾਈਨਾ ਡੋਰ ਨਾਲ ਹੋਣ ਵਾਲੀਆਂ ਮੌਤਾਂ ਨੂੰ ਰੋਕਿਆ ਜਾ ਸਕੇ।

Good News story.