ਜਲੰਧਰ ਦੇ ਖੰਡਰਾਂ ਤੋਂ ਨਿਕਲਿਆ 1921 ਦਾ ਵਿਂਟੇਜ ਟਰੈਕਟਰ 1.25 ਕਰੋੜ ਰੁਪਏ ਵਿੱਚ ਵਿਕਿਆ…ਪੇਸ਼ ਹੈ ਫੀਚਰ ਸਟੋਰੀ
ਹੁਣ ਕੈਲੀਫੋਰਨੀਆ ਦੇ ਮਿਊਜ਼ੀਅਮ ਦੀ ਸ਼ਾਨ ਬਣੇਗਾ
(ਪਟਿਆਲ਼ਾ 24 ਫਰਵਰੀ – ਜਸਵਿੰਦਰ ਜੁਲ਼ਕਾ ਨਿਊਜ ਰੂਮ ਬਿਊਰੋ) ਪੰਜਾਬ ਦੇ ਜਲੰਧਰ ਵਿੱਚ ਇੱਕ ਪੁਰਾਣੀ ਖੰਡਰ ਇਮਾਰਤ ਵਿੱਚ ਕਈਂ ਸਾਲਾਂ ਤੋਂ ਖੜ੍ਹਾ ਇੱਕ ਵਿਂਟੇਜ ਟਰੈਕਟਰ ਅੰਤਰਰਾਸ਼ਟਰੀ ਪੱਧਰ ’ਤੇ ਵੱਡੀ ਕੀਮਤ ਹਾਸਲ ਕਰਕੇ ਚਰਚਾ ਦਾ ਕੇਂਦਰ ਬਣ ਗਿਆ ਹੈ। 1921 ਵਿੱਚ ਜਰਮਨੀ ਵਿੱਚ ਬਣਿਆ ਲੰਜ ਬੁਲਡੌਗ HL-12 ਮਾਡਲ ਦਾ ਇਹ ਟਰੈਕਟਰ ਹਾਲ ਹੀ ਵਿੱਚ 1.25 ਕਰੋੜ ਰੁਪਏ ਵਿੱਚ ਵਿਕਿਆ ਹੈ। ਇਸ ਟਰੈਕਟਰ ਨੂੰ ਹੁਣ ਅਮਰੀਕਾ ਦੇ ਕੈਲੀਫੋਰਨੀਆ ਵਿੱਚ ਪ੍ਰਸਿੱਧ ਮਿਊਜ਼ੀਅਮ ਵਿੱਚ ਪ੍ਰਦਰਸ਼ਿਤ ਕੀਤਾ ਜਾਵੇਗਾ। ਸਥਾਨਕ ਪੱਧਰ ਤੇ ਜਿਸ ਮਸ਼ੀਨ ਨੂੰ ਕਬਾੜ ਸਮਝਿਆ ਜਾ ਰਿਹਾ ਸੀ, ਉਹੀ ਅੰਤਰਰਾਸ਼ਟਰੀ ਵਿਂਟੇਜ ਮਾਰਕੀਟ ਵਿੱਚ ਇੱਕ ਅਨਮੋਲ ਵਿਰਾਸਤ ਸਾਬਤ ਹੋਈ। ਜਲੰਧਰ ਦੇ ਭਗਤ ਸਿੰਘ ਚੌਕ ਵਿੱਚ ਇੱਕ ਜ਼ਰਜਰ ਇਮਾਰਤ ਵਿੱਚ ਇਹ ਟਰੈਕਟਰ ਕਈ ਸਾਲਾਂ ਤੋਂ ਖੜ੍ਹਾ ਸੀ। ਪਰ ਇਸ ਦੀ ਇਤਿਹਾਸਕ ਅਤੇ ਤਕਨੀਕੀ ਮਹੱਤਤਾ ਤੋਂ ਲੋਕ ਅਣਜਾਣ ਸਨ। ਪੁਨੀਤ ਵਡੇਰਾ ਮੁਤਾਬਕ ਲੋਕਾਂ ਨੂੰ ਇਸ ਗੱਲ ਦਾ ਅੰਦਾਜ਼ਾ ਨਹੀਂ ਸੀ, ਕਿ ਵਿਂਟੇਜ ਵਾਹਨਾਂ ਦੀ ਦੁਨੀਆ ਵਿੱਚ ਇਸ ਟਰੈਕਟਰ ਦੀ ਕੀਮਤ ਇੰਨੀ ਜ਼ਿਆਦਾ ਹੈ।
ਲੱਖਾਂ ਤੋਂ ਸ਼ੁਰੂ ਹੋ ਕੇ ਕਰੋੜਾਂ ਤੱਕ ਪਹੁੰਚੀ ਬੋਲੀ
ਇਸ ਟਰੈਕਟਰ ਦੀ ਖਰੀਦ ਲਈ ਸਭ ਤੋਂ ਪਹਿਲਾਂ ਮੁੰਬਈ ਦੀ ਇੱਕ ਕੰਪਨੀ ਵੱਲੋਂ 2 ਲੱਖ ਰੁਪਏ ਦੀ ਪੇਸ਼ਕਸ਼ ਕੀਤੀ ਗਈ। ਇਸ ਤੋਂ ਬਾਅਦ ਬੋਲੀ ਵਧਦੀ ਹੋਈ 28 ਲੱਖ ਰੁਪਏ ਤੱਕ ਪਹੁੰਚੀ। ਆਖ਼ਰਕਾਰ ਇੱਕ ਵਿਦੇਸ਼ੀ ਕੰਪਨੀ ਨੇ ਇਸ ਦੀ ਇਤਿਹਾਸਕ ਮਹੱਤਤਾ ਨੂੰ ਦੇਖਦੇ ਹੋਏ 1.25 ਕਰੋੜ ਰੁਪਏ ਵਿੱਚ ਖਰੀਦ ਲਿਆ।
ਖ਼ਾਸ ਸਾਵਧਾਨੀ ਨਾਲ ਭੇਜਿਆ ਗਿਆ ਵਿਦੇਸ਼
ਵਿਕਰੀ ਦੀ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਹੁਣ ਇਹ ਵਿਲੱਖਣ ਟਰੈਕਟਰ ਭਾਰਤ ਤੋਂ ਵਿਦਾ ਹੋ ਕੇ ਕੈਲੀਫੋਰਨੀਆ (ਅਮਰੀਕਾ) ਦੇ ਇੱਕ ਮਿਊਜ਼ੀਅਮ ਵਿੱਚ ਆਪਣੀ ਥਾਂ ਬਣਾਏਗਾ।
ਕਿਉਂ ਖ਼ਾਸ ਹੈ ਲੰਜ ਬੁਲਡੌਗ HL-12?
ਇੰਜਣ: ਇਸ ਵਿੱਚ ਸਿੰਗਲ ਸਿਲਿੰਡਰ ਹਾਟ-ਬਲਬ ਇੰਜਣ ਲੱਗਿਆ ਹੋਇਆ ਹੈ।
ਸਟਾਰਟ ਕਰਨ ਦਾ ਤਰੀਕਾ: ਟਰੈਕਟਰ ਨੂੰ ਸਟਾਰਟ ਕਰਨ ਤੋਂ ਪਹਿਲਾਂ ਇੰਜਣ ਨੂੰ ਕਾਫ਼ੀ ਗਰਮ ਕਰਨਾ ਪੈਂਦਾ ਸੀ।
ਖ਼ੂਬੀ: ਇੱਕ ਵਾਰ ਚੱਲ ਪੈਣ ਤੋਂ ਬਾਅਦ ਇਹ ਘੱਟ ਗਤੀ ’ਤੇ ਵੀ ਬੇਹੱਦ ਤਾਕਤ (ਟੋਰਕ) ਪੈਦਾ ਕਰਦਾ ਸੀ।
ਬਹੁਪੱਖੀ ਵਰਤੋਂ ਦਾ ਇਤਿਹਾਸ…..ਆਪਣੇ ਸਮੇਂ ਵਿੱਚ ਇਸ ਟਰੈਕਟਰ ਦੀ ਵਰਤੋਂ ਸਿਰਫ਼ ਖੇਤੀ ਤੱਕ ਸੀਮਿਤ ਨਹੀਂ ਸੀ। ਖੇਤਾਂ ਵਿੱਚ ਹਲ ਚਲਾਉਣ ਤੋਂ ਇਲਾਵਾ ਇਸ ਨਾਲ ਪਾਣੀ ਦੇ ਪੰਪ ਚਲਾਏ ਜਾਂਦੇ ਸਨ ਅਤੇ ਅਨਾਜ ਪੀਸਣ ਵਾਲੀਆਂ ਚੱਕੀਆਂ ਵੀ ਚਲਾਈਆਂ ਜਾਂਦੀਆਂ ਸਨ। ਅੱਜ ਇਹ ਟਰੈਕਟਰ ਵਿਂਟੇਜ ਤਕਨਾਲੋਜੀ ਦੀ ਦੁਨੀਆ ਵਿੱਚ ਇੱਕ ਬਹੁਤ ਹੀ ਦੁਰਲਭ ਉਦਾਹਰਨ ਮੰਨਿਆ ਜਾਂਦਾ ਹੈ।

Ohhhh great 😃👍