ਬੈਂਕਿੰਗ ਉਦਯੋਗ ਵਿੱਚ ਪੰਜ ਦਿਨਾਂ ਦੇ ਕੰਮਕਾਜੀ ਹਫ਼ਤੇ ਦੀ ਮੰਗ ਨੂੰ ਲੈਕੇ ਐੱਸ.ਬੀ.ਆਈ.ਆਫਿਸਰ ਦੇ ਵਫ਼ਦ ਵੱਲੋਂ ਪਟਿਆਲਾ ਦੇ ਸੰਸਦ ਮੈਂਬਰ ਡਾ. ਧਰਮਵੀਰ ਗਾਂਧੀ ਨਾਲ ਮੁਲਾਕਾਤ
(ਪਟਿਆਲਾ 30 ਅਕਤੂਬਰ – ਜਸਵਿੰਦਰ ਜੁਲਕਾ ਨਿਊਜ਼ ਰੂਮ ਬਿਊਰੋ) ਐੱਸ.ਬੀ.ਆਈ.ਓ.ਏ.ਚੰਡੀਗੜ੍ਹ ਸਰਕਲ ਦੇ ਜਨਰਲ ਸਕੱਤਰ ਪ੍ਰਿਯਵ੍ਰਤ ਵੱਲੋਂ ਸ਼ੁਰੂ ਕੀਤੇ ਗਏ ਸੰਸਦ ਮੈਂਬਰ ਸੰਪਰਕ ਪ੍ਰੋਗਰਾਮ ਤਹਿਤ ਅੱਜ ਚੰਡੀਗੜ੍ਹ ਸਰਕਲ ਦੇ ਇੱਕ ਵਫ਼ਦ ਨੇ ਸਰਕਲ ਪ੍ਰਧਾਨ ਰਾਜੀਵ ਸਰਹਿੰਦੀ ਦੀ ਅਗਵਾਈ ਹੇਠ ਪਟਿਆਲਾ ਦੇ ਸੰਸਦ ਮੈਂਬਰ ਡਾ.ਧਰਮਵੀਰ ਗਾਂਧੀ ਨਾਲ ਮੁਲਾਕਾਤ ਕੀਤੀ। ਇਸ ਮੁਲਾਕਾਤ ਦਾ ਮੁੱਖ ਉਦੇਸ਼ ਬੈਂਕ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਲੰਬੇ ਸਮੇਂ ਤੋਂ ਲਟਕ ਰਹੀ ਮੰਗ ਬੈਂਕਿੰਗ ਉਦਯੋਗ ਵਿੱਚ ਪੰਜ ਦਿਨਾਂ ਦਾ ਕੰਮਕਾਜੀ ਹਫ਼ਤਾ ਲਾਗੂ ਕਰਨ ਸਬੰਧੀ ਵਿਚਾਰ – ਵਟਾਂਦਰਾ ਕਰਨਾ ਅਤੇ ਇਸ ਮੰਗ ਨੂੰ ਪੂਰਾ ਕਰਵਾਉਣ ਲਈ ਸੰਸਦ ਮੈਂਬਰ ਦਾ ਸਹਿਯੋਗ ਪ੍ਰਾਪਤ ਕਰਨਾ ਸੀ। ਵਫ਼ਦ ਵਿੱਚ ਸਰਕਲ ਦੇ ਉਪ ਪ੍ਰਧਾਨ ਬਿਨਯ ਸਿਨ੍ਹਾ, ਹਰਬਾਗ ਸਿੰਘ ਅਤੇ ਦਿਨੇਸ਼ ਦੇਵਗੜ੍ਹੀਆ, ਸੰਗਠਨ ਸਕੱਤਰ ਆਰ.ਐੱਸ. ਵਾਲੀਆ ਅਤੇ ਮੋਹਾਲੀ ਮੋਡੀਊਲ ਦੇ ਜ਼ੋਨਲ ਪ੍ਰਧਾਨ ਜਸਬੀਰ ਸਿੰਘ ਦੀ ਅਗਵਾਈ ਹੇਠ ਖੇਤਰੀ ਸਕੱਤਰ ਮਨੀਸ਼ ਕੁਮਾਰ, ਓਮ ਪ੍ਰਕਾਸ਼ ਅਤੇ ਰਾਜੇਸ਼ ਮਾਥੁਰ ਸ਼ਾਮਲ ਸਨ। ਲਗਭਗ 25 ਮਿੰਟ ਤੱਕ ਚੱਲੀ ਇਸ ਮੀਟਿੰਗ ਦੌਰਾਨ ਵਫ਼ਦ ਨੇ ਬੈਂਕ ਅਧਿਕਾਰੀਆਂ ਅਤੇ ਕਰਮਚਾਰੀਆਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦਿਆਂ ਪੰਜ ਦਿਨਾਂ ਦੇ ਕੰਮਕਾਜੀ ਹਫ਼ਤੇ ਦੀ ਲੋੜ ਅਤੇ ਇਸ ਮੰਗ ਦੀ ਮਹੱਤਤਾ ਬਾਰੇ ਵਿਸਥਾਰ ਨਾਲ ਚਰਚਾ ਕੀਤੀ। ਇਸ ਮੌਕੇ ਐੱਸ.ਬੀ.ਆਈ.ਓ.ਏ., ਚੰਡੀਗੜ੍ਹ ਸਰਕਲ ਵੱਲੋਂ ਇੱਕ ਰਸਮੀ ਮੰਗ ਪੱਤਰ ਵੀ ਮਾਣਯੋਗ ਸੰਸਦ ਮੈਂਬਰ ਨੂੰ ਸੌਂਪਿਆ ਗਿਆ, ਜਿਸ ਉੱਤੇ ਸਰਕਲ ਦੇ ਜਨਰਲ ਸਕੱਤਰ ਪ੍ਰਿਯਵ੍ਰਤ ਜੀ ਅਤੇ ਸਰਕਲ ਪ੍ਰਧਾਨ ਰਾਜੀਵ ਸਰਹਿੰਦੀ ਦੇ ਦਸਤਖ਼ਤ ਸਨ। ਡਾ.ਗਾਂਧੀ ਨੇ ਵਫ਼ਦ ਨੂੰ ਹਾਂ-ਪੱਖੀ ਭਰੋਸਾ ਦਿੰਦਿਆਂ ਕਿਹਾ ਕਿ ਉਹ ਇਸ ਮਾਮਲੇ ਸਬੰਧੀ ਸੰਸਦੀ ਕਮੇਟੀ ਨੂੰ ਪੱਤਰ ਲਿਖਣਗੇ ਅਤੇ ਆਉਣ ਵਾਲੇ ਸੰਸਦ ਸੈਸ਼ਨ ਦੌਰਾਨ ਇਸ ਮੁੱਦੇ ਨੂੰ ਵਿਚਾਰ-ਵਟਾਂਦਰੇ ਲਈ ਸੂਚੀਬੱਧ ਕਰਵਾਉਣ ਵਾਸਤੇ ਯਤਨ ਕਰਨਗੇ।ਐਸੋਸੀਏਸ਼ਨ ਨੇ ਦੁਹਰਾਇਆ ਕਿ ਬੈਂਕ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਇਸ ਜਾਇਜ਼ ਮੰਗ ਨੂੰ ਪੂਰਾ ਕਰਵਾਉਣ ਲਈ ਚੁਣੇ ਹੋਏ ਜਨ-ਪ੍ਰਤੀਨਿਧੀਆਂ ਅਤੇ ਸਬੰਧਤ ਅਧਿਕਾਰੀਆਂ ਨਾਲ ਲਗਾਤਾਰ ਸੰਪਰਕ ਅਤੇ ਯਤਨ ਜਾਰੀ ਰੱਖੇ ਜਾਣਗੇ। ਐਸੋਸੀਏਸ਼ਨ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਇਸ ਲੰਬੇ ਸਮੇਂ ਤੋਂ ਲਟਕ ਰਹੀ ਮੰਗ ਉੱਤੇ ਜਲਦ ਸਕਾਰਾਤਮਕ ਫ਼ੈਸਲਾ ਲਿਆ ਜਾਵੇ ਅਤੇ ਬੈਂਕਿੰਗ ਉਦਯੋਗ ਵਿੱਚ ਪੰਜ ਦਿਨਾਂ ਦਾ ਕੰਮਕਾਜੀ ਹਫ਼ਤਾ ਲਾਗੂ ਕਰਨ ਲਈ ਠੋਸ ਅਤੇ ਸਮਾਂਬੱਧ ਕਦਮ ਚੁੱਕੇ ਜਾਣ।ਚੰਡੀਗੜ੍ਹ ਸਰਕਲ ਨੂੰ ਉਮੀਦ ਹੈ ਕਿ ਲਗਾਤਾਰ ਸੰਵਾਦ ਅਤੇ ਸੰਸਦੀ ਪੱਧਰ ‘ਤੇ ਕੀਤੇ ਜਾਣ ਵਾਲੇ ਯਤਨਾਂ ਰਾਹੀਂ ਬੈਂਕ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਇਸ ਮਹੱਤਵਪੂਰਨ ਮੰਗ ਦਾ ਜਲਦ ਹੱਲ ਨਿਕਲੇਗਾ।

