ਦਾਅਵੇ ਵੱਡੇ, ਪਰ ਪਹਿਲੇ ਹੀ ਮੀਂਹ ਨੇ ਖੋਲ੍ਹ ਦਿੱਤੀ ਸਰਕਾਰ ਅਤੇ ਪ੍ਰਸ਼ਾਸਨ ਦੀ ਪੋਲ – ਜੈ ਇੰਦਰ ਕੌਰ

ਦਾਅਵੇ ਵੱਡੇ, ਪਰ ਪਹਿਲੇ ਹੀ ਮੀਂਹ ਨੇ ਖੋਲ੍ਹ ਦਿੱਤੀ ਸਰਕਾਰ ਅਤੇ ਪ੍ਰਸ਼ਾਸਨ ਦੀ ਪੋਲ – ਜੈ ਇੰਦਰ ਕੌਰ

ਪਟਿਆਲਾ ਵਿਧਾਇਕ ਵੱਲੋਂ ‘ਸੜਕਾਂ ਦੇ ਜਾਲ’ ਦੇ ਦਾਅਵੇ ਫਲਾਪ, ਅਸਲ ‘ਚ ਸ਼ਹਿਰ ‘ਚ ਵਿਛਿਆ ਜਲਥਲ ਦਾ ਜਾਲ – ਭਾਜਪਾ ਮਹਿਲਾ ਮੋਰਚਾ ਪ੍ਰਧਾਨ

ਪ੍ਰਸ਼ਾਸਨ ਦੀ ਲਾਪਰਵਾਹੀ ਦਾ ਖਾਮਿਆਜ਼ਾ ਆਖਰ ਆਮ ਜਨਤਾ ਹੀ ਕਿਉਂ ਭੁਗਤੇ ?

(ਪਟਿਆਲਾ 31 ਜੁਲਾਈ – ਜਸਵਿੰਦਰ ਜੁਲਕਾ ਨਿਊਜ਼ ਰੂਮ ਬਿਊਰੋ) ਭਾਰਤੀ ਜਨਤਾ ਪਾਰਟੀ ਮਹਿਲਾ ਮੋਰਚਾ ਦੀ ਸੂਬਾ ਪ੍ਰਧਾਨ ਜੈ ਇੰਦਰ ਕੌਰ ਨੇ ਪਟਿਆਲਾ ਵਿੱਚ ਮਾਨਸੂਨ ਦੀ ਪਹਿਲੀ ਹੀ ਬਾਰਿਸ਼ ਨਾਲ ਬਣੇ ਬੁਰੇ ਹਾਲਾਤਾਂ ਨੂੰ ਲੈਕੇ ਆਮ ਆਦਮੀ ਪਾਰਟੀ ਦੀ ਸਰਕਾਰ ਅਤੇ ਸਥਾਨਕ ਪ੍ਰਸ਼ਾਸਨ ‘ਤੇ ਤਿੱਖੇ ਨਿਸ਼ਾਨੇ ਸਾਧੇ ਹਨ। ਸੋਸ਼ਲ ਮੀਡੀਆ ਤੇ ਸ਼ਹਿਰ ਦੀਆਂ ਖਸਤਾਹਾਲ ਸੜਕਾਂ ਅਤੇ ਜਲ-ਭਰਾਓ ਦੀਆਂ ਤਸਵੀਰਾਂ / ਵੀਡੀਓਜ਼ ਸਾਂਝੀਆਂ ਕਰਦਿਆਂ ਉਨ੍ਹਾਂ ਕਿਹਾ ਕਿ ਸਰਕਾਰ ਦੇ ਵੱਡੇ-ਵੱਡੇ ਦਾਅਵਿਆਂ ਦੀ ਹਵਾ ਪਹਿਲੇ ਮੀਂਹ ਨੇ ਹੀ ਕੱਢ ਦਿੱਤੀ ਹੈ। ਜੈ ਇੰਦਰ ਨੇ ਕਿਹਾ ਕਿ ਇੱਕ ਪਾਸੇ ਪਟਿਆਲਾ ਦੇ ਵਿਧਾਇਕ ਸ਼ਹਿਰ ਵਿੱਚ ਸੜਕਾਂ ਦਾ ‘ਜਾਲ’ ਵਿਛਾਉਣ ਦੇ ਡੀਂਗਾਂ ਮਾਰ ਰਹੇ ਹਨ। ਜਦਕਿ ਦੂਜੇ ਪਾਸੇ ਅਸਲੀਅਤ ਇਹ ਹੈ ਕਿ ਸੜਕਾਂ ਦਾ ਨਹੀਂ, ਸਗੋਂ ਹਰ ਪਾਸੇ ਗੰਦੇ ਪਾਣੀ ਦਾ ਜਾਲ ਵਿਛਿਆ ਹੋਇਆ ਹੈ। ਮਾਨਸੂਨ ਤੋਂ ਪਹਿਲਾਂ ਪ੍ਰਸ਼ਾਸਨ ਵੱਲੋਂ ਨਿਕਾਸੀ ਅਤੇ ਸੜਕਾਂ ਦੀ ਮੁਰੰਮਤ ਦੇ ਕੋਈ ਪੁਖਤਾ ਇੰਤਜ਼ਾਮ ਨਹੀਂ ਕੀਤੇ ਗਏ, ਜਿਸ ਦਾ ਨਤੀਜਾ ਅੱਜ ਆਮ ਜਨਤਾ ਨੂੰ ਭੁਗਤਣਾ ਪੈ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸ਼ਹਿਰ ਦੀਆਂ ਕਈ ਪ੍ਰਮੁੱਖ ਕਲੋਨੀਆਂ ਅਤੇ ਗਲੀਆਂ ਵਿੱਚ ਗੰਦਾ ਪਾਣੀ ਲੋਕਾਂ ਦੇ ਘਰਾਂ ਅੰਦਰ ਵੜ ਰਿਹਾ ਹੈ। ਨਵੀਆਂ ਬਣੀਆਂ ਅਤੇ ਪੁਰਾਣੀਆਂ ਸੜਕਾਂ ਵਿੱਚ ਵੱਡੇ-ਵੱਡੇ ਟੋਏ ਪੈ ਚੁੱਕੇ ਹਨ, ਜਿਸ ਕਾਰਨ ਲੋਕਾਂ ਦੇ ਵਾਹਨ ਟੋਇਆਂ ਵਿੱਚ ਧੱਸ ਰਹੇ ਹਨ ਅਤੇ ਭਾਰੀ ਵਿੱਤੀ ਨੁਕਸਾਨ ਹੋ ਰਿਹਾ ਹੈ।

ਮੁੱਖ ਮੰਤਰੀ ਭਗਵੰਤ ਮਾਨ ਦੇ ਬਿਆਨਾਂ ‘ਤੇ ਜੈ ਇੰਦਰ ਕੌਰ ਨੇ ਕਿਹਾ ਕਿ, “ਮੁੱਖ ਮੰਤਰੀ ਦਾਅਵਾ ਕਰਦੇ ਹਨ ਕਿ ਰਾਜ ਵਿੱਚ 45,000 ਕਿਲੋਮੀਟਰ ਸੜਕਾਂ ਦਾ ਨਿਰਮਾਣ ਕੀਤਾ ਗਿਆ ਹੈ, ਪਰ ਪਟਿਆਲਾ ਦੇ ਮੌਜੂਦਾ ਹਾਲਾਤ ਦੇਖ ਕੇ ਲੱਗਦਾ ਹੈ ਕਿ ਸਰਕਾਰ ਨੇ ਇੱਕ ਸੜਕ ਵੀ ਢੰਗ ਨਾਲ ਨਹੀਂ ਬਣਾਈ। ਅੱਜ ਸ਼ਹਿਰ ਦਾ ਹਰ ਮੋੜ ਅਤੇ ਸੜਕ ਪ੍ਰਸ਼ਾਸਨਿਕ ਨਾਕਾਮੀ ਦੀ ਗਵਾਹੀ ਭਰ ਰਿਹਾ ਹੈ। ਜੈ ਇੰਦਰ ਨੇ ਪ੍ਰਸ਼ਾਸਨ ਤੋਂ ਸਵਾਲ ਕੀਤਾ ਕਿ ਇਸ ਨੁਕਸਾਨ ਅਤੇ ਖੱਜਲ-ਖੁਆਰੀ ਦਾ ਜ਼ਿੰਮੇਵਾਰ ਕੌਣ ਹੈ ? ਉਨ੍ਹਾਂ ਮੰਗ ਕੀਤੀ ਕਿ ਬਿਨਾਂ ਕਿਸੇ ਦੇਰੀ ਦੇ ਸ਼ਹਿਰ ਵਿੱਚੋਂ ਪਾਣੀ ਦੀ ਨਿਕਾਸੀ ਦਾ ਠੋਸ ਹੱਲ ਕੀਤਾ ਜਾਵੇ ਅਤੇ ਟੁੱਟੀਆਂ ਸੜਕਾਂ ਦੀ ਤੁਰੰਤ ਮੁਰੰਮਤ ਕਰਵਾ ਕੇ ਆਮ ਨਾਗਰਿਕਾਂ ਨੂੰ ਇਸ ਮੁਸੀਬਤ ਤੋਂ ਰਾਹਤ ਦਿਵਾਈ ਜਾਵੇ।

More From Author

ਪੰਜਾਬ ਦੀ ਮਿਹਨਤ ਨਾਲ ਹਾਸਲ ਕੀਤੀ ਸ਼ਾਂਤੀ, ਕੌਮੀ ਸਦਭਾਵਨਾ ਅਤੇ ਭਾਈਚਾਰਕ ਸਾਂਝ ਨੂੰ ਹਰ ਕੀਮਤ ‘ਤੇ ਬਰਕਰਾਰ ਰੱਖਿਆ ਜਾਵੇਗਾ – ਮੁੱਖ ਮੰਤਰੀ ਮਾਨ

Leave a Reply

Your email address will not be published. Required fields are marked *

Recent Posts