ਸਰਕਾਰੀ ਵਿਕਾਸ ਪ੍ਰੋਜੈਕਟਾਂ ‘ਚ ਦੇਰੀ ਜਾਂ ਲਾਪਰਵਾਹੀ ‘ਤੇ ਸਖਤ ਕਾਰਵਾਈ ਦੀ ਚੇਤਾਵਨੀ – ਸਿਹਤ ਮੰਤਰੀ
ਸ਼ਹਿਰ ਵਿੱਚ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਸਰਕਾਰ ਵਚਨਬੱਧ – ਸਿਹਤ ਮੰਤਰੀ
ਏਕਤਾ ਵਿਹਾਰ ਅਤੇ ਸਨੀ ਇਨਕਲੇਵ ਨੂੰ ਮਿਲਿਆ ਵਿਕਾਸ ਦਾ ਤੋਹਫ਼ਾ
ਸਿਹਤ ਮੰਤਰੀ ਵੱਲੋਂ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦੀ ਕਾਰਗੁਜ਼ਾਰੀ ਦੀ ਸਮੀਖਿਆ
(ਪਟਿਆਲਾ 25 ਫ਼ਰਵਰੀ ਸੰਦੀਪ ਕੌਰ ਸਾਹਿਬ ਨਿਊਜ਼ ਰੂਮ ਬਿਊਰੋ) ਪਟਿਆਲਾ ਦਿਹਾਤੀ ਦੇ ਵੱਖ-ਵੱਖ ਪਿੰਡਾਂ ਦਾ ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਵੱਲੋਂ ਅਚਾਨਕ ਦੌਰਾ ਕੀਤਾ ਗਿਆ। ਜਿੱਥੇ ਉਨ੍ਹਾਂ ਨੇ ਚੱਲ ਰਹੇ ਵਿਕਾਸ ਕਾਰਜਾਂ ਅਤੇ ਸਿਹਤ ਸਹੂਲਤਾਂ ਦਾ ਜਾਇਜ਼ਾ ਲਿਆ। ਦੌਰੇ ਦੌਰਾਨ ਜਿੱਥੇ ਵੀ ਕਮੀਆਂ ਜਾਂ ਲਾਪਰਵਾਹੀ ਸਾਹਮਣੇ ਆਈ, ਉੱਥੇ ਸਿਹਤ ਮੰਤਰੀ ਨੇ ਮੌਕੇ ‘ਤੇ ਹੀ ਸੰਬੰਧਤ ਅਧਿਕਾਰੀਆਂ ਨੂੰ ਫੋਨ ਕਰਕੇ ਤੁਰੰਤ ਬੁਲਾਇਆ। ਉਨ੍ਹਾਂ ਅਧਿਕਾਰੀਆਂ ਨੂੰ ਸਖ਼ਤ ਹਦਾਇਤਾਂ ਦਿੰਦਿਆਂ ਕਿਹਾ ਕਿ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਦੇਣ ਵਿੱਚ ਕੋਈ ਕੋਤਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਸਿਹਤ ਮੰਤਰੀ ਨੇ ਮੁੱਖ ਮੰਤਰੀ ਸਿਹਤ ਬੀਮਾ ਕਾਰਡਾਂ ਦੀ ਸਮੀਖਿਆ ਕੀਤੀ ਅਤੇ ਅਧਿਕਾਰੀਆਂ ਨੂੰ ਹੁਕਮ ਦਿੱਤੇ ਕਿ ਯੋਗ ਲਾਭਪਾਤਰੀਆਂ ਤੱਕ ਯੋਜਨਾ ਦਾ ਪੂਰਾ ਲਾਭ ਪਹੁੰਚਾਇਆ ਜਾਵੇ। ਸਿਹਤ ਮੰਤਰੀ ਨੇ ਅੱਜ ਪਟਿਆਲਾ ਸ਼ਹਿਰ ਦੇ ਏਕਤਾ ਵਿਹਾਰ ਅਤੇ ਸਨੀ ਇਨਕਲੇਵ ਇਲਾਕਿਆਂ ਵਿੱਚ ਕਰੀਬ 6 ਕਰੋੜ ਰੁਪਏ ਦੀ ਲਾਗਤ ਨਾਲ ਹੋਣ ਵਾਲੇ ਵਿਕਾਸ ਕਾਰਜਾਂ ਦੀ ਸ਼ੁਰੂਆਤ ਕੀਤੀ। ਇਸ ਮੌਕੇ ਉਨ੍ਹਾਂ ਦੇ ਨਾਲ ਮੇਅਰ ਕੁੰਦਨ ਗੋਗੀਆ, ਡਿਪਟੀ ਮੇਅਰ ਹਰਿੰਦਰ ਕੋਹਲੀ ਅਤੇ ਪਾਰਟੀ ਆਗੂ ਵੀ ਮੌਜੂਦ ਸਨ। ਇਨ੍ਹਾਂ ਵਿਕਾਸ ਪ੍ਰੋਜੈਕਟਾਂ ਵਿੱਚ ਸੜਕਾਂ ਦੀ ਮੁਰੰਮਤ, ਨਵੀਆਂ ਗਲੀਆਂ ਦੀ ਤਿਆਰੀ, ਸੀਵਰੇਜ ਪ੍ਰਣਾਲੀ ਦੀ ਸੁਧਾਰ, ਪੀਣ ਵਾਲੇ ਪਾਣੀ ਦੀ ਸਹੂਲਤ ਅਤੇ ਸਟਰੀਟ ਲਾਈਟਾਂ ਦੀ ਵਿਵਸਥਾ ਸ਼ਾਮਲ ਹੈ। ਸਿਹਤ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਦਾ ਮੁੱਖ ਉਦੇਸ਼ ਲੋਕਾਂ ਨੂੰ ਬਿਹਤਰ ਬੁਨਿਆਦੀ ਸਹੂਲਤਾਂ ਪ੍ਰਦਾਨ ਕਰਨਾ ਹੈ। ਪਟਿਆਲਾ ਨੂੰ ਵਿਕਾਸ ਪੱਖੋਂ ਨੰਬਰ ਵਨ ਸ਼ਹਿਰ ਬਣਾਉਣ ਲਈ ਸਰਕਾਰ ਵਚਨਬੱਧ ਹੈ ਅਤੇ ਹਰ ਵਾਰਡ ਵਿੱਚ ਲੋੜ ਅਨੁਸਾਰ ਕੰਮ ਕਰਵਾਏ ਜਾ ਰਹੇ ਹਨ।
ਸਿਹਤ ਮੰਤਰੀ ਨੇ ਕਿਹਾ ਕਿ ਪਟਿਆਲਾ ਵਿੱਚ ਜਗ੍ਹਾ-ਜਗ੍ਹਾ ਮੁਹੱਲਾ ਕਲੀਨਿਕ ਖੋਲੇ ਗਏ ਹਨ, ਜਿੱਥੇ ਲੋਕਾਂ ਨੂੰ ਮੁਫ਼ਤ ਇਲਾਜ, ਟੈਸਟ ਅਤੇ ਦਵਾਈਆਂ ਦੀ ਸਹੂਲਤ ਮਿਲ ਰਹੀ ਹੈ। ਇਸ ਤੋਂ ਇਲਾਵਾ ਪਟਿਆਲਵੀਆਂ ਲਈ ਰਾਜਿੰਦਰਾ ਹਸਪਤਾਲ ਅਤੇ ਮਾਤਾ ਕੌਸ਼ਲਿਆ ਹਸਪਤਾਲ ਵਰਗੀਆਂ ਵੱਡੀਆਂ ਸਿਹਤ ਸੰਸਥਾਵਾਂ ਵੀ ਸੇਵਾਵਾਂ ਦੇ ਰਹੀਆਂ ਹਨ।ਡਾ. ਬਲਬੀਰ ਨੇ ਇਹ ਵੀ ਕਿਹਾ ਕਿ ਸਰਕਾਰ ਵੱਲੋਂ ਔਰਤਾਂ ਨੂੰ ਪ੍ਰਤੀ ਮਹੀਨਾ ਇੱਕ ਹਜਾਰ ਰੁਪਏ ਦੀ ਆਰਥਿਕ ਸਹਾਇਤਾ ਦੇਣ ਦਾ ਵਾਅਦਾ ਜਲਦੀ ਹੀ ਪੂਰਾ ਕੀਤਾ ਜਾ ਰਿਹਾ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਪੰਜਾਬ ਸਰਕਾਰ ਲੋਕਾਂ ਨਾਲ ਕੀਤੇ ਹਰ ਵਾਅਦੇ ਨੂੰ ਨਿਭਾਉਣ ਲਈ ਵਚਨਬੱਧ ਹੈ।ਇਸ ਮੌਕੇ ਐਮ ਸੀ ਰੁਪਾਲੀ ਗਰਗ , ਪਰਦੀਪ ਗਰਗ ਤੋਂ ਇਲਾਵਾ ਇਲਾਕਾ ਵਾਸੀ ਮੌਜੂਦ ਸਨ।
