ਪੰਜਾਬ ਦੇ ਲੋਕ ਆਪਣੇ ਮਨੁੱਖੀ ਅਧਿਕਾਰਾਂ ਪ੍ਰਤੀ ਜਾਗਰੂਕ ਹੋਏ, 400 ਤੋਂ ਜ਼ਿਆਦਾ ਸ਼ਿਕਾਇਤਾਂ ਰੋਜ਼ਾਨਾ ਆਉਣ ਲੱਗੀਆਂ – ਜਤਿੰਦਰ ਸਿੰਘ ਸ਼ੰਟੀ
ਪੰਜਾਬ ਰਾਜ ਮਨੁੱਖੀ ਅਧਿਕਾਰ ਕਮਿਸ਼ਨ ਦੇ ਮੈਂਬਰ ਵੱਲੋਂ ਪਟਿਆਲਾ ਵਿਖੇ ਮਨੁੱਖੀ ਅਧਿਕਾਰ ਜਾਗਰੂਕਤਾ ਸੈਮੀਨਾਰ ਤੇ ਖੁੱਲ੍ਹੀ ਸੁਣਵਾਈ
(ਪਟਿਆਲਾ 19 ਅਪ੍ਰੈਲ – ਸੰਦੀਪ ਕੌਰ ਸਾਹਿਬਾ ਨਿਊਜ਼ ਰੂਮ ਬਿਊਰੋ) ਪੰਜਾਬ ਰਾਜ ਤੇ ਕੇਂਦਰ ਸ਼ਾਸਤ ਪ੍ਰਦੇਸ਼ ਚੰਡੀਗੜ੍ਹ ਦੇ ਮਨੁੱਖੀ ਅਧਿਕਾਰ ਕਮਿਸ਼ਨ ਦੇ ਮੈਂਬਰ ਪਦਮ ਸ਼੍ਰੀ ਜਤਿੰਦਰ ਸਿੰਘ ਸ਼ੰਟੀ ਨੇ ਕਿਹਾ ਹੈ ਕਿ ਪੰਜਾਬ ਦੇ ਲੋਕ ਆਪਣੇ ਮਨੁੱਖੀ ਅਧਿਕਾਰਾਂ ਪ੍ਰਤੀ ਵਧੇਰੇ ਜਾਗਰੂਕ ਹੋ ਰਹੇ ਹਨ। ਉਨ੍ਹਾਂ ਅੱਜ ਮਨੁੱਖੀ ਅਧਿਕਾਰ ਸੁਰੱਖਿਆ ਭਲਾਈ ਸੁਸਾਇਟੀ ਵੱਲੋਂ ਬਿਕਰਮ ਕਾਲਜ ਪਟਿਆਲਾ ਵਿਖੇ ਮਨੁੱਖੀ ਅਧਿਕਾਰ ਜਾਗਰੂਕਤਾ ਸੈਮੀਨਾਰ ਤੇ ਲੋਕਾਂ ਦੀਆਂ ਸ਼ਿਕਾਇਤਾਂ ਦੇ ਨਿਵਾਰਨ ਲਈ ਖੁੱਲ੍ਹੀ ਸੁਣਵਾਈ ਦੇ ਲਗਾਏ ਕੈਂਪ ਮੌਕੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰ ਰਹੇ ਸਨ। ਇਸ ਮੌਕੇ ਜਤਿੰਦਰ ਸ਼ੰਟੀ ਨੇ ਦੱਸਿਆ ਕਿ ਉਨ੍ਹਾਂ ਨੇ ਪਿਛਲੇ ਚਾਰ ਮਹੀਨਿਆਂ ਦੌਰਾਨ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦਾ ਦੌਰਾ ਕਰਕੇ ਸ਼ਿਕਾਇਤਾਂ ਦੀ ਕਿਸਮ ਬਾਰੇ ਪਤਾ ਲਗਾਇਆ ਹੈ ਅਤੇ ਹਰ ਜ਼ਿਲ੍ਹੇ ਵਿੱਚ ਮਨੁੱਖੀ ਅਧਿਕਾਰ ਕਮਿਸ਼ਨਰ ਦੇ ਕੋਰ ਗਰੁੱਪ ਕਾਇਮ ਕਰ ਦਿੱਤੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦਾ ਮਨੁੱਖੀ ਅਧਿਕਾਰ ਕਮਿਸ਼ਨ ਅਜਿਹੇ ਕੋਰ ਗਰੁੱਪ ਕਾਇਮ ਕਰਨ ਵਾਲਾ ਦੇਸ਼ ਦਾ ਪਹਿਲਾ ਕਮਿਸ਼ਨ ਬਣ ਗਿਆ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਕਮਿਸ਼ਨ ਕੋਲ ਕੇਵਲ 30-35 ਸ਼ਿਕਾਇਤਾਂ ਰੋਜ਼ਾਨਾ ਆ ਰਹੀਆਂ ਸਨ, ਪਰੰਤੂ ਜਦੋਂ ਦਾ ਕਮਿਸ਼ਨ ਨੇ ਸ਼ਿਕਾਇਤ ਕਰਨ ਲਈ ਵਟਸਐਪ ਨੰਬਰ 98554 –75547 ਜਾਰੀ ਕੀਤਾ ਹੈ, ਉਦੋਂ ਤੋਂ ਹੁਣ ਉਨ੍ਹਾਂ ਕੋਲ 300 ਤੋਂ 400 ਸ਼ਿਕਾਇਤਾਂ ਰੋਜ਼ਾਨਾ ਆ ਰਹੀਆਂ ਹਨ।
ਕਮਿਸ਼ਨ ਮੈਂਬਰ ਸ਼ੰਟੀ ਨੇ ਏ.ਡੀ.ਸੀ. ਸਿਮਰਪ੍ਰੀਤ ਕੌਰ ਤੇ ਐਸ.ਪੀ ਸਵਰਨਜੀਤ ਕੌਰ ਸਮੇਤ ਹੋਰ ਵਿਭਾਗਾਂ ਦੇ ਅਧਿਕਾਰੀਆਂ ਨਾਲ ਸਮੇਤ ਪਟਿਆਲਾ ਦੀਆਂ ਸਮਾਜ ਸੇਵੀ ਸੰਸਥਾਵਾਂ ਨਾਲ ਇੱਕ ਅਹਿਮ ਬੈਠਕ ਕੀਤੀ ਤੇ ਪੀੜਤਾਂ ਦੀਆਂ ਸ਼ਿਕਾਇਤਾਂ ਵੀ ਸੁਣੀਆਂ ਅਤੇ ਵਿਭਾਗੀ ਅਧਿਕਾਰੀਆਂ ਨੂੰ ਲੋੜੀਂਦੇ ਦਿਸ਼ਾ -ਨਿਰਦੇਸ਼ ਵੀ ਦਿੱਤੇ। ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਕਮਿਸ਼ਨ ਪੰਜਾਬ ਵਿੱਚ ਨਸ਼ਿਆਂ ਵਿਰੁੱਧ ਵੱਡੀ ਮੁਹਿੰਮ ਵਿੱਢੇਗਾ ਅਤੇ ਜਲਦੀ ਹੀ ਇੱਕ ਵਟਸਐਪ ਨੰਬਰ ਵੀ ਜਾਰੀ ਕੀਤਾ ਜਾਵੇਗਾ, ਜਿਸ ਉਪਰ ਨਸ਼ਿਆਂ ਦੇ ਤਸਕਰਾਂ ਤੇ ਨਸ਼ਿਆਂ ਬਾਰੇ ਜਾਣਕਾਰੀ ਦਿੱਤੀ ਜਾ ਸਕੇਗੀ ਤੇ ਕਮਿਸ਼ਨ ਦੇ ਕੋਰ ਗਰੁੱਪਾਂ ਦੇ ਮੈਂਬਰ ਵੀ ਆਪਣੀ ਭੂਮਿਕਾ ਨਿਭਾਉਣਗੇ।
ਮੀਡੀਆ ਨਾਲ ਗੱਲਬਾਤ ਕਰਦਿਆਂ ਸ਼ੰਟੀ ਨੇ ਦੱਸਿਆ ਮਨੁੱਖੀ ਅਧਿਕਾਰ ਕਮਿਸ਼ਨ ਵੱਲੋਂ ਜਾਰੀ ਸਲਾਹ ਕਾਰੀਆਂ ਦੇ ਤਹਿਤ ਸਰਕਾਰੀ ਅਤੇ ਨਿੱਜੀ ਹਸਪਤਾਲ ਕਿਸੇ ਮਰੀਜ ਜਾਂ ਮ੍ਰਿਤਕ ਸਰੀਰ ਨੂੰ ਬਿੱਲ ਦੇ ਭੁਗਤਾਨ ਨਾ ਹੋਣ ਉਤੇ ਰੋਕ ਨਹੀਂ ਸਕੇਗਾ। ਇਸ ਤੋਂ ਬਿਨ੍ਹਾਂ ਹਰ ਹਸਪਤਾਲ ਵਿਖੇ ਲਾਜਮੀ ਤੌਰ ਉਤੇ ਢੁਕਵੀਂ ਮੁਰਦਾਘਰ ਸਹੂਲਤ ਤੇ ਐਂਬੂਲੈਂਸ ਵੈਨ ਸੇਵਾਵਾਂ ਪ੍ਰਦਾਨ ਕਰਨੀਆਂ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਲਾਵਾਰਿਸ ਜਾਂ ਆਰਥਿਕ ਤੌਰ ‘ਤੇ ਕਮਜ਼ੋਰ ਲੋਕਾਂ ਦੇ ਸਸਕਾਰ/ਦਫ਼ਨਾਉਣ ਲਈ ਸਹਾਇਤਾ ਦੇ ਯਕੀਨੀ ਬਣਾਉਣ ਲਈ ਵੀ ਆਦੇਸ਼ ਦਿੱਤਾ ਗਿਆ ਹੈ।
ਸ਼ੰਟੀ ਨੇ ਕਿਹਾ ਕਿ ਪਿੰਡਾਂ ਵਿੱਚ ਲਾਸ਼ਾਂ ਰੱਖਣ ਲਈ ਮੌਰਚਰੀ ਬਾਕਸ ਉਪਲਬੱਧ ਕਰਵਾਉਣ ਸਮੇਤ ਸਫਾਈ ਯੋਧਿਆਂ ਨੂੰ ਸੁਰੱਖਿਆ, ਜੁੱਤੇ, ਦਸਤਾਨੇ, ਸੈਨੇਟਾਈਜ਼ਰ ਦੇਣ ਸਮੇਤ ਬੀਮਾ ਸੁਰੱਖਿਆ ਸਹੂਲਤਾਂ ਦੇਣ ਲਈ ਵੀ ਹਦਾਇਤ ਜਾਰੀ ਕੀਤੀ ਗਈ ਹੈ। ਇਸ ਤੋਂ ਬਿਨ੍ਹਾਂ 112 ‘ਤੇ ਫੋਨ ਕਰਕੇ ਜਿੰਦਗੀ ਮੌਤ ਦੀ ਲੜਾਈ ਦੀ ਲੜ ਰਹੇ ਮਰੀਜਾਂ ਦੀਆਂ ਐਂਬੂਲੈਂਸਾਂ ਨੂੰ ਹਸਪਤਾਲਾਂ ਤੱਕਣ ਲਈ ਪੁਲਿਸ ਪਾਇਲਟ ਮੁਹੱਈਆ ਕਰਵਾਉਣ ਦੇ ਵੀ ਨਿਰਦੇਸ਼ ਦਿੱਤੇ ਗਏ ਹਨ। ਇਸ ਮੌਕੇ ਨਗਰ ਨਿਗਮ ਦੇ ਸੰਯੁਕਤ ਕਮਿਸ਼ਨਰ ਮਨਰੀਤ ਰਾਣਾ, ਆਰ.ਟੀ.ਓ ਪੂਨਮ ਪ੍ਰੀਤ ਕੌਰ, ਐਸ.ਡੀ.ਐਮ ਗੁਰਦੇਵ ਸਿੰਘ, ਕਮਿਸ਼ਨ ਮੈਂਬਰ ਦੇ ਸਕੱਤਰ ਬਲਦੇਵ ਸਿੰਘ ਤੇ ਅਮਨਦੀਪ ਸਿੰਘ ਸਮੇਤ ਵੱਡੀ ਗਿਣਤੀ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਅਤੇ ਕੋਰ ਗਰੁੱਪ ਦੇ ਮੈਂਬਰ ਤੇ ਹਿਉਮਨ ਰਾਈਟਸ ਪ੍ਰੋਟੈਕਸ਼ਨ ਵੈਲਫੇਅਰ ਸੁਸਾਇਟੀ ਪਟਿਆਲਾ ਦੇ ਮੈਂਬਰ ਮੌਜੂਦ ਸਨ।
ਇਸ ਮੌਕੇ (ਰਿਟਾ) ਕੁਲਵੰਤ ਸਿੰਘ ਗਿੱਲ, ਏਆਈਜੀ ਹਰ ਦੇਵਿੰਦਰ ਸਿੰਘ, ਡਾ. ਐਮ.ਐਸ ਮੰਨਾ, ਸਾਬਕਾ ਐਸਪੀ ਮਨਜੀਤ ਸਿੰਘ ਬਰਾੜ, ਗਰੁਪ ਕੈਪਟਨ ਰਣਜੀਤ ਸਿੰਘ ਤਤਗੁਰ, ਦਰਸ਼ਨ ਸਿੰਘ ਸਾਬਕਾ ਡੀਐਸਪੀ, ਐਡ. ਯਸ਼ਪਾਲ, ਐਡ. ਅਮਨਪ੍ਰੀਤ ਸਿੰਘ ਭਾਟੀਆ, ਪ੍ਰੋ. ਜਸਵੰਤ ਸਿੰਘ ਸਰਾਓ, ਸ਼ਮਿੰਦਰ ਕੌਰ ਸੰਧੂ, ਵੈਟਰਨ ਹਾਕਮ ਸਿੰਘ ਤੇ ਰਜਿੰਦਰ ਕੁਮਾਰ ਗੋਇਲ ਮੰਜੂ ਸ਼ਰਮਾ, ਰਾਜਪਾਲ ਕੌਰ ਮਸਤ ਵੀ ਮੌਜੂਦ ਸਨ।
ਫੋਟੋ ਕੈਪਸ਼ਨ – ਮਨੁੱਖੀ ਅਧਿਕਾਰ ਕਮਿਸ਼ਨ ਦੇ ਮੈਂਬਰ ਜਤਿੰਦਰ ਸਿੰਘ ਸ਼ੰਟੀ ਪਟਿਆਲਾ ਵਿਖੇ ਮਨੁੱਖੀ ਜਾਗਰੂਕਤਾ ਸੰਮੇਲਨ ਮੌਕੇ ਸ਼ਿਰਕਤ ਕਰਦੇ ਹੋਏ।

