ਡਾ. ਪੁਸ਼ਪਿੰਦਰ ਸਿੰਘ ਗਿੱਲ ਨੇ ਪੰਜਾਬ ਸਪੋਰਟਸ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਵਜੋਂ ਅਹੁਦਾ ਸੰਭਾਲਿਆ
ਖੇਡਾਂ ਤੇ ਖਿਡਾਰੀਆਂ ਦੀ ਪ੍ਰਫੁਲਤਾ ਨਾਲ ਨਸ਼ਿਆਂ ਦੀ ਲਾਹਨਤ ਨੂੰ ਖਤਮ ਕਰਨ ਲਈ ਆਪਣਾ ਯੋਗਦਾਨ ਪਾਵੇਗੀ ਸਪੋਰਟਸ ਯੂਨੀਵਰਸਿਟੀ- ਡਾ.ਗਿੱਲ
ਵਿਧਾਇਕ ਅਜੀਤਪਾਲ ਸਿੰਘ ਕੋਹਲੀ, ਕਰਮਜੀਤ ਅਨਮੋਲ ਸਮੇਤ ਹੋਰ ਸ਼ਖ਼ਸੀਅਤਾਂ ਨੇ ਵਧਾਈ ਦਿੰਦਿਆਂ ਕਿਹਾ, ਸਪੋਰਟਸ ਯੂਨੀਵਰਸਿਟੀ ਹੁਣ ਹੋਰ ਬੁਲੰਦੀਆਂ ਛੂਹੇਗੀ
(ਪਟਿਆਲਾ 9 ਫਰਵਰੀ: ਸੰਦੀਪ ਕੌਰ ਸਾਹਿਬਾ ਨਿਊਜ਼ ਰੂਮ ਬਿਊਰੋ) ਪੰਜਾਬ ਸਰਕਾਰ ਵੱਲੋਂ ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਸਪੋਰਟਸ ਯੂਨੀਵਰਸਿਟੀ, ਪਟਿਆਲਾ ਦੇ ਨਵ ਨਿਯੁਕਤ ਵਾਈਸ-ਚਾਂਸਲਰ ਡਾ. ਪੁਸ਼ਪਿੰਦਰ ਸਿੰਘ ਗਿੱਲ ਨੇ ਅੱਜ ਯੂਨੀਵਰਸਿਟੀ ਦੇ ਦਫ਼ਤਰ ਵਿਖੇ ਅਹੁਦਾ ਸੰਭਾਲ ਲਿਆ ਹੈ। ਇਸ ਮੌਕੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਸਮੇਤ ਉਘੇ ਕਲਾਕਾਰ ਕਰਮਜੀਤ ਅਨਮੋਲ ਅਤੇ ਹੋਰ ਸ਼ਖ਼ਸੀਅਤਾਂ ਨੇ ਪੁੱਜ ਕੇ ਡਾ. ਗਿੱਲ ਨੂੰ ਵਧਾਈ ਦਿੰਦਿਆਂ ਕਿਹਾ ਕਿ ਡਾ. ਗਿੱਲ ਦੀ ਅਗਵਾਈ ਵਿੱਚ ਸਪੋਰਟਸ ਯੂਨੀਵਰਸਿਟੀ ਹੁਣ ਹੋਰ ਬੁਲੰਦੀਆਂ ਛੂਹੇਗੀ। ਡਾ. ਗਿੱਲ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਧੰਨਵਾਦ ਕਰਦਿਆਂ ਆਪਣੀਆਂ ਤਰਜੀਹਾਂ ਗਿਣਾਉਂਦਿਆ ਦੱਸਿਆ ਕਿ ਖੇਡਾਂ ਅਤੇ ਖਿਡਾਰੀਆਂ ਨੂੰ ਪ੍ਰਫੁ਼ਲਤ ਕਰਦਿਆਂ ਪੰਜਾਬ ਸਪੋਰਟਸ ਯੂਨੀਵਰਸਿਟੀ ਸੂਬੇ ਵਿੱਚੋਂ ਨਸ਼ਿਆਂ ਦੀ ਲਾਹਨਤ ਨੂੰ ਖ਼ਤਮ ਕਰਨ ਲਈ ਆਪਣਾ ਯੋਗਦਾਨ ਪਾਵੇਗੀ। ਡਾ. ਗਿੱਲ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ, ਖਾਸ ਕਰਕੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਹੈ ਕਿ ਯੂਨੀਵਰਸਿਟੀ ਨੂੰ ਹਰ ਤਰ੍ਹਾਂ ਦਾ ਸਹਿਯੋਗ ਦਿੱਤਾ ਜਾਵੇਗਾ। ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪਿੰਡ-ਪਿੰਡ ਵਿੱਚ ਖੇਡ ਸਟੇਡੀਅਮ ਬਣਾਏ ਜਾ ਰਹੇ ਹਨ, ਜਿਸ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਦਿੱਤੇ ਉਦੇਸ਼ ਦੀ ਪੂਰਤੀ ਲਈ ਸਪੋਰਟਸ ਯੂਨੀਵਰਸਿਟੀ ਆਪਣੀ ਪੂਰੀ ਵਾਹ ਲਗਾਵੇਗੀ। ਉਨ੍ਹਾਂ ਕਿਹਾ ਕਿ ਉਹ ਨਿਜੀ ਤੌਰ ਉਤੇ ਇੱਕ ਖਿਡਾਰੀ ਵਜੋਂ ਸਪੋਰਟਸ ਯੂਨੀਵਰਸਿਟੀ ਨੂੰ ਬੁਲੰਦੀਆਂ ਉਤੇ ਲਿਜਾਣ ਲਈ ਕੋਈ ਕਸਰ ਬਾਕੀ ਨਹੀਂ ਛੱਡਣਗੇ।
ਇਸ ਮੌਕੇ ਵਿਧਾਇਕ ਕੋਹਲੀ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਤਜ਼ਰਬੇਕਾਰ ਅਕਾਦਮਿਕ ਹਸਤੀ ਨੂੰ ਪੰਜਾਬ ਸਪੋਰਟਸ ਯੂਨੀਵਰਸਿਟੀ ਦਾ ਵਾਈਸ ਚਾਂਸਲਰ ਨਿਯੁਕਤ ਕੀਤਾ ਹੈ, ਜਿਸ ਲਈ ਉਹ ਮੁੱਖ ਮੰਤਰੀ ਭਗਵੰਤ ਮਾਨ ਦਾ ਧੰਨਵਾਦ ਕਰਦੇ ਹਨ। ਇਸ ਮੌਕੇ ਯੂਨੀਵਰਸਿਟੀ ਦੇ ਰਜਿਸਟਰਾਰ ਡਾ. ਅਨੁਭਵ ਵਾਲੀਆ ਤੇ ਯੂਨੀਵਰਸਿਟੀ ਦੇ ਅਧਿਆਪਨ ਤੇ ਗੈਰ ਅਧਿਆਪਨ ਅਮਲੇ ਨੇ ਡਾ. ਪੁਸ਼ਪਿੰਦਰ ਸਿੰਘ ਗਿੱਲ ਦਾ ਸਵਾਗਤ ਕੀਤਾ। ਇਸ ਮੌਕੇ ਪਦਮ ਸ੍ਰੀ ਪ੍ਰਾਣ ਸੱਭਰਵਾਲ, ਹਰਕਿਰਨ ਸਿੰਘ ਬੋਪਾਰਾਏ, ਡਾ. ਗੁਰਮੋਹਨ ਸਿੰਘ ਵਾਲੀਆ, ਭੁਪਿੰਦਰ ਸਿੰਘ ਵਿਰਕ, ਡਾ. ਪ੍ਰਭਲੀਨ ਸਿੰਘ, ਡਾ. ਜਤਿੰਦਰ ਸਿੰਘ ਸਿੱਧੂ, ਇੰਦਰਪ੍ਰੀਤ ਸੰਧੂ, ਪੰਜਾਬੀ ਯੂਨੀਵਰਸਿਟੀ ਦੀ ਬਿਜਨੈਸ ਮੈਨੇਜਮੈਂਟ ਵਿਭਾਗ ਦੀ ਫੈਕਲਿਟੀ ਸਮੇਤ ਵੱਡੀ ਗਿਣਤੀ ਅਧਿਆਪਕ ਤੇ ਹੋਰ ਸ਼ਖ਼ਸੀਅਤਾਂ ਮੌਜੂਦ ਸਨ।
