ਸੜਕ ਹਾਦਸੇ ਵਿੱਚ ਹਿੰਦੀ ਸਕੂਲ ਅਧਿਆਪਕਾ ਦੀ ਹੋਈ ਮੌਤ
(ਪਟਿਆਲਾ 17 ਫਰਵਰੀ – ਸੰਦੀਪ ਕੌਰ ਸਾਹਿਬਾ ਨਿਊਜ ਰੂਮ ਬਿਊਰੋ) ਲੁਧਿਆਣਾ-ਬਠਿੰਡਾ ਹਾਈਵੇਅ ਸੜਕ ਤੇ ਮੁੱਲਾਂਪੁਰ ਦੇ ਏਅਰੋ-ਹੱਬ ਮਾਰਕੀਟ ਦੇ ਬਿਲਕੁਲ ਸਾਹਮਣੇ ਇੱਕ ਕ੍ਰੇਟਾ ਕਾਰ ਅਤੇ ਇੱਕ ਸਕੂਟਰ ਦੀ ਟੱਕਰ ਹੋ ਗਈ। ਇਸ ਹਾਦਸੇ ਵਿੱਚ ਸਕੂਟਰ ਸਵਾਰ ਚਾਲਕ ਮਹਿਲਾ ਅਧਿਆਪਕਾ ਦੀ ਮੌਤ ਹੋ ਗਈ। ਮ੍ਰਿਤਕਾ ਨਿਸ਼ਾ ਦੇਵੀ (38) ਬਲਾਕ ਸੁਧਾਰ ਦੇ ਅੱਬੂਵਾਲ ਪਿੰਡ ਦੇ ਸਰਕਾਰੀ ਮਿਡਲ ਸਕੂਲ ਵਿੱਚ ਹਿੰਦੀ ਦੀ ਅਧਿਆਪਕਾ ਸੀ। ਮਿਲੀ ਜਾਣਕਾਰੀ ਅਨੁਸਾਰ ਦੱਸਿਆ, ਕਿ ਆਮ ਵਾਂਗ ਨਿਸ਼ਾ ਦੇਵੀ ਆਪਣੇ ਪਿੰਡ ਭਨੋਹੜ ਤੋਂ ਆਪਣੇ ਸਕੂਟਰ ਤੇ ਅੱਬੂਵਾਲ ਸਥਿਤ ਆਪਣੇ ਸਰਕਾਰੀ ਸਕੂਲ ਡਿਊਟੀ ਤੇ ਜਾ ਰਹੀ ਸੀ। ਨਿਸ਼ਾ ਦੇਵੀ ਸਵੇਰੇ 8.40 ਵਜੇ ਆਪਣੇ ਘਰੋਂ ਸਕੂਟਰ ‘ਤੇ ਅੱਬੂਵਾਲ ਸਕੂਲ ਜਾਣ ਲਈ ਨਿਕਲੀ ਹੀ ਸੀ। ਕਿ ਕੁੱਝ ਹੀ ਦੂਰੀ ‘ਤੇ ਉਸ ਨਾਲ ਇਹ ਹਾਦਸਾ ਵਾਪਰ ਗਿਆ। ਦਾਖਾ ਪੁਲਿਸ ਸਟੇਸ਼ਨ ਦੇ ਸਟੇਸ਼ਨ ਹਾਊਸ ਅਫ਼ਸਰ ਹਮਰਾਜ ਸਿੰਘ ਚੀਮਾ ਅਤੇ ਮਾਮਲੇ ਦੇ ਜਾਂਚ ਅਧਿਕਾਰੀ ਸੁਰਿੰਦਰ ਸਿੰਘ ਨੇ ਦੱਸਿਆ ਕਿ ਐਰੋ – ਹੱਬ ਸਿੰਗਲਾ ਇਨਕਲੇਵ ਦੇ ਰਹਿਣ ਵਾਲੇ ਕਰੇਟਾ ਡਰਾਈਵਰ ਸੁਖਦੇਵ ਸਿੰਘ ਨੇ ਲਾਪਰਵਾਹੀ ਨਾਲ ਆਪਣੀ ਕਾਰ ਨੂੰ ਬਿਨਾਂ ਕੋਈ ਸੰਕੇਤ ਦਿੱਤੇ ਸਿੰਗਲਾ ਇਨਕਲੇਵ ਵੱਲ ਮੋੜ ਲਿਆ।
ਜਿਸ ਕਾਰਨ ਪਿੱਛੇ ਤੋਂ ਆ ਰਹੀ ਇੱਕ ਸਕੂਟਰੀ ਕੰਟਰੋਲ ਗੁਆ ਬੈਠੀ ਅਤੇ ਕਾਰ ਨਾਲ ਟਕਰਾ ਗਈ। ਇਸ ਹਾਦਸੇ ਵਿੱਚ ਅਧਿਆਪਕਾ ਨਿਸ਼ਾ ਦੇਵੀ ਜ਼ਖ਼ਮੀ ਹੋ ਗਈ। ਪੁਲਿਸ ਦਾ ਕਹਿਣਾ ਹੈ ਕਿ, ਸੁਖਦੇਵ ਸਿੰਘ ਨੇ ਗੰਭੀਰ ਜ਼ਖਮੀ ਨਿਸ਼ਾ ਨੂੰ ਆਪਣੀ ਕਾਰ ਵਿੱਚ ਮੁੱਲਾਂਪੁਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਭਰਤੀ ਕਰਵਾਇਆ। ਉਸਦੀ ਹਾਲਤ ਨਾਜ਼ੁਕ ਹੋਣ ਕਾਰਨ ਨਿਸ਼ਾ ਨੂੰ ਲੁਧਿਆਣਾ ਰੈਫਰ ਕਰ ਦਿੱਤਾ ਗਿਆ। ਪਰ ਨਿਸ਼ਾ ਦੇਵੀ ਦੀ ਲੁਧਿਆਣਾ ਦੇ ਰਘੂਨਾਥ ਹਸਪਤਾਲ ਵਿੱਚ ਇਲਾਜ ਦੌਰਾਨ ਮੌਤ ਹੋ ਗਈ। ਦੂਜੇ ਪਾਸੇ ਪੁਲਿਸ ਵੱਲੋਂ ਇਸ ਮਾਮਲੇ ਵਿੱਚ ਕਿਹਾ ਜਾ ਰਿਹਾ ਹੈ ਕਿ, ਉਨ੍ਹਾਂ ਦੇ ਵਲੋਂ ਮ੍ਰਿਤਕ ਅਧਿਆਪਕਾ ਦੇ ਪਰਿਵਾਰ ਦੇ ਬਿਆਨ ਕਲਮਬੰਦ ਕੀਤੇ ਜਾ ਰਹੇ ਹਨ ਤਾਂ ਜ਼ੋ ਅਗਲੇਰੀ ਕਾਰਵਾਈ ਆਰੰਭੀ ਜਾ ਸਕੇ।
