ਜਸ਼ਨ ਐਂਟਰਟੇਨਮੈਂਟ ਨੇ ਕਰਵਾਇਆ ਸੱਭਿਆਚਾਰਕ ਪ੍ਰੋਗਰਾਮ
(ਪਟਿਆਲਾ 9 ਮਾਰਚ – ਸੰਦੀਪ ਕੌਰ ਸਾਹਿਬਾ ਨਿਊਜ਼ ਰੂਮ ਬਿਊਰੋ) ਪੰਜਾਬ ਦੇ ਨੌਜਵਾਨਾਂ ਦੀ ਪ੍ਰਤਿਭਾ ਨੂੰ ਉਭਾਰਨ ਲਈ ਲਗਾਤਾਰ ਕਾਰਜਸ਼ੀਲ ਜਸ਼ਨ ਐਂਟਰਟੇਨਮੈਂਟ ਵੱਲੋਂ ਸ਼ਾਹੀ ਸ਼ਹਿਰ ਪਟਿਆਲਾ ਵਿੱਚ ਮੁੱਖ ਦਫਤਰ ਖੋਲਿਆ ਗਿਆ ਅਤੇ ਸੱਭਿਆਚਾਰਕ ਪ੍ਰੋਗਰਾਮ ਕਰਾਇਆ ਗਿਆ। ਇਸ ਦਫਤਰ ਦਾ ਉਦਘਾਟਨ ਆਮ ਆਦਮੀ ਪਾਰਟੀ ਪੰਜਾਬ ਦੇ ਜਨਰਲ ਸਕੱਤਰ ਬਲਤੇਜ ਪੰਨੂ ਅਤੇ ਚੇਅਰਮੈਨ ਪੀ.ਆਰ.ਟੀ.ਸੀ. ਪੰਜਾਬ ਹਰਪਾਲ ਜੁਨੇਜਾ ਵੱਲੋਂ ਆਪਣੇ ਕਰ ਕਮਲਾਂ ਨਾਲ ਕੀਤਾ ਗਿਆ। ਬਲਤੇਜ ਪੰਨੂ ਨੇ ਜਸ਼ਨ ਐਂਟਰਟੇਨਮੈਂਟ ਦੇ ਡਾਇਰੈਕਟਰ ਬਿੱਟੂ ਰੰਧਾਵਾ ਅਤੇ ਪ੍ਰੋਡਿਊਸਰ ਮੈਡਮ ਜਸ ਧਨੋਆ ਦੇ ਉਪਰਾਲੇ ਦੀ ਸ਼ਲਾਘਾ ਕੀਤੀ। ਉਹਨਾਂ ਕਿਹਾ ਕਿ ਬਿੱਟੂ ਰੰਧਾਵਾ ਅਤੇ ਜਸ ਧਨੋਆ, ਜੋ ਕਿ ਐਨ.ਆਰ.ਆਈ. ਹਨ ਅਤੇ ਹੁਣ ਪੰਜਾਬ ਵਿੱਚ ਰਹਿ ਕੇ ਨੌਜਵਾਨਾਂ ਨੂੰ ਕਲਾ ਦੇ ਖੇਤਰ ਵਿੱਚ ਮੌਕੇ ਪ੍ਰਦਾਨ ਕਰ ਰਹੇ ਨੇ ਇਹ ਕਦਮ ਕਾਫੀ ਸ਼ਲਾਘਾਯੋਗ ਹੈ। ਇਸ ਮੌਕੇ ਉੱਤੇ ਸੱਭਿਆਚਾਰਕ ਪ੍ਰੋਗਰਾਮ ਦਾ ਆਯੋਜਨ ਵੀ ਕੀਤਾ ਗਿਆ। ਇਸ ਪ੍ਰੋਗਰਾਮ ਦੇ ਵਿੱਚ ਉੱਘੇ ਸਮਾਜ ਸੇਵੀ ਗਰੀਨ ਮੈਨ ਭਗਵਾਨ ਦਾਸ ਜੁਨੇਜਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਜਦ ਕਿ ਬੀਰ ਚੰਦ ਖੁਰਮੀ, ਤ੍ਰਿਭਵਨ ਗੁਪਤਾ, ਹਰਮੇਸ਼ ਸਿੰਗਲਾ, ਗਗਨ ਗੋਇਲ ਵਿਸ਼ੇਸ਼ ਮਹਿਮਾਨਾਂ ਵਜੋਂ ਸ਼ਾਮਿਲ ਹੋਏ। ਭਰੇ ਪੰਡਾਲ ਵਿੱਚ ਪੰਜਾਬੀ ਗਾਇਕ ਸ਼ਿੰਦਾ, ਦੀਦਾਰ ਛੀਨਾ ਅਤੇ ਮਾਹਲਾ ਕੋਟ ਨੇ ਆਪਣੇ ਗੀਤਾਂ ਨਾਲ ਦਰਸ਼ਕਾਂ ਨੂੰ ਝੂਮਣ ਲਗਾ ਦਿੱਤਾ। ਇਸ ਮੌਕੇ ਤੇ ਦਰਸ਼ਕਾਂ ਅਤੇ ਮਹਿਮਾਨਾਂ ਲਈ ਖਾਣੇ ਦਾ ਪ੍ਰਬੰਧ ਵੀ ਕੀਤਾ ਗਿਆ। ਰਾਸ਼ਟਰੀ ਜਯੋਤੀ ਕਲਾ ਮੰਚ ਦੇ ਡਾਇਰੈਕਟਰ ਰਾਕੇਸ਼ ਠਾਕੁਰ ਦੀ ਨਿਰਦੇਸ਼ਨਾ ਹੇਠ ਸਕੂਲੀ ਬੱਚਿਆਂ ਵੱਲੋਂ ਰੰਗਾਰੰਗ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ। ਜਸ਼ਨ ਐਂਟਰਟੇਨਮੈਂਟ ਦੇ ਅਹੁਦੇਦਾਰਾਂ ਵੱਲੋਂ ਮਹਿਮਾਨਾਂ ਅਤੇ ਕਲਾਕਾਰਾਂ ਨੂੰ ਸਨਮਾਨਿਤ ਕੀਤਾ ਗਿਆ।

