ਫ਼ਿਜ਼ੀਕਲ ਕਾਲਜ ਪਟਿਆਲਾ ਵਲੋਂ ਲਗਾਇਆ ਗਿਆ ਸੱਤ ਰੋਜ਼ਾ ਐੱਨ.ਐੱਸ.ਐੱਸ ਕੈਂਪ
(ਪਟਿਆਲਾ 15 ਮਾਰਚ – ਜਸਵਿੰਦਰ ਜੁਲਕਾ ਨਿਊਜ਼ ਰੂਮ ਬਿਊਰੋ ) ਪ੍ਰੋ. ਗੁਰਸੇਵਕ ਸਿੰਘ ਗੌਰਮਿੰਟ ਕਾਲਜ ਆਫ਼ ਫ਼ਿਜ਼ੀਕਲ ਐਜੂਕੇਸ਼ਨ, ਪਟਿਆਲ਼ਾ ਵਲੋਂ ਸਮਾਜ ਸੇਵਾ ਅਤੇ ਅਨੁਸ਼ਾਸਨ ਦੀ ਭਾਵਨਾ ਨੂੰ ਉਤਸ਼ਾਹਿਤ ਕਰਨ ਹਿੱਤ ਕਾਲਜ ਦੇ ਪ੍ਰਿੰਸੀਪਲ ਕਰਨਲ ਪਰਮਿੰਦਰ ਸਿੰਘ ਦੀ ਅਗਵਾਈ ਹੇਠ 5 ਤੋਂ 12 ਮਾਰਚ ਤੱਕ ਸੱਤ ਰੋਜ਼ਾ ਐੱਨ.ਐੱਸ.ਐੱਸ ਕੈਂਪ ਲਗਾਇਆ ਗਿਆ। ਇਸ ਕੈਂਪ ਵਿੱਚ ਕਾਲਜ ਦੀਆਂ ਵੱਖ-ਵੱਖ ਕਲਾਸਾਂ ਵਿਚੋਂ ਐੱਨ.ਐੱਸ.ਐੱਸ ਵਲੰਟੀਅਰਾਂ ਨੇ ਭਰਪੂਰ ਸਹਿਯੋਗ ਦਿੱਤਾ। ਕੈਂਪ ਦੀ ਸ਼ੁਰੂਆਤ ਕਾਲਜ ਤੋਂ ਕਰਦਿਆਂ ਵਲੰਟੀਅਰਾਂ ਵਲੋਂ ਕਈ ਰੁੱਖ ਅਤੇ ਪੌਦੇ ਲਗਾਏ ਗਏ। ਵਲੰਟੀਅਰਾਂ ਨੇ ਭਾਦਸੋਂ ਰੋਡ ‘ਤੇ ਪੈਂਦੇ ਪਿੰਡ ਸਿੱਧੂਵਾਲ ਨੂੰ ਸੇਵਾ ਲਈ ਅਪਣਾਇਆ ਗਿਆ। ਇਸ ਪਿੰਡ ਦੀਆਂ ਵੱਖੋ-ਵੱਖ ਥਾਵਾਂ ‘ਤੇ ਵਲੰਟੀਅਰਾਂ ਵਲੋਂ ਸਫ਼ਾਈ ਮੁਹਿੰਮ ਜਾਰੀ ਰੱਖੀ ਗਈ ਅਤੇ ਪਿੰਡ ਵਾਸੀਆਂ ਨੂੰ ਵੀ ਸੇਵਾ ਭਾਵਨਾ ਅਤੇ ਸਫ਼ਾਈ ਦੀ ਅਹਿਮੀਅਤ ਬਾਰੇ ਜਾਣੂ ਕਰਾਇਆ ਗਿਆ।
ਕੈਂਪ ਦੌਰਾਨ ਵਿਦਿਆਰਥੀਆਂ ਨੂੰ ਸਮਾਜ ਸੇਵਾ ਪ੍ਰਤੀ ਉਤਸ਼ਾਹਿਤ ਕਰਨ ਲਈ ਪ੍ਰਸਿੱਧ ਸਮਾਜ ਸੇਵੀ ਤਲਵਾੜ ਜੀ ਦਾ ਵਿਸ਼ੇਸ਼ ਲੈਕਚਰ ਕਰਵਾਇਆ ਗਿਆ। ਉਹਨਾਂ ਦੱਸਿਆ ਕਿ ਇਸ ਕਿਸਮ ਦੇ ਕੈਂਪਾਂ ਵਿੱਚ ਲਗਾਤਾਰ ਜੁੜੇ ਰਹਿ ਕੇ ਵਿਦਿਆਰਥੀ ਰਾਸ਼ਟਰ ਪ੍ਰਤੀ ਆਪਣੀ ਜ਼ਿੰਮੇਵਾਰੀ ਬਾਖੂਬੀ ਜਾਣ ਅਤੇ ਨਿਭਾਅ ਸਕਦੇ ਹਨ। ਉਹਨਾਂ ਇਹ ਵੀ ਦੱਸਿਆ ਕਿ ਇਹੋ ਜਿਹੇ ਕੈਂਪ ਹੀ ਵਿਦਿਆਰਥੀਆਂ ਨੂੰ ਸਮਾਜ ਦੇ ਬਿਹਤਰ ਅਤੇ ਜ਼ਿੰਮੇਵਾਰ ਨਾਗਰਿਕ ਬਣਾਉਣ ਵਿੱਚ ਸਹਾਈ ਹੁੰਦੇ ਹਨ। ਵਿਦਿਆਰਥੀਆਂ ਨੇ ਸਮਾਜ ਸੇਵਾ ਦੀ ਥੀਮ ਅਧੀਨ ਜਾਗਰੂਕਤਾ ਲਈ ਪੋਸਟਰ ਤਿਆਰ ਕੀਤੇ ਅਤੇ ਖੇਡਾਂ ਵੀ ਕਰਵਾਈਆਂ।
ਕੈਂਪ ਦੇ ਅੰਤਿਮ ਦਿਨ ‘ਨੁੱਕੜਵਾਲਾ ਗਰੁੱਪ’ ਤੋਂ ਰਾਜੇਸ਼ ਸ਼ਰਮਾ ਵਲੋਂ ਸਮਾਜ ਸੇਵਾ ਦੀ ਥੀਮ ਨੂੰ ਮੁੱਖ ਰੱਖਦੇ ਹੋਏ ਇੱਕ ਨੁੱਕੜ ਨਾਟਕ ਦੀ ਪੇਸ਼ਕਾਰੀ ਕੀਤੀ ਗਈ। ਕਾਲਜ ਦੇ ਐੱਨ.ਐੱਨ.ਐੱਸ ਅਫ਼ਸਰ ਡਾ. ਲਖਵਿੰਦਰ ਸਿੰਘ ਨੇ ਐੱਨ.ਐੱਨ.ਐੱਸ ਦੀ ਮਹੱਤਤਾ ਦੱਸਦੇ ਹੋਏ ਵਿਦਿਆਰਥੀਆਂ ਨੂੰ ‘ਮੈਂ ਨਹੀਂ ਤੁਸੀਂ’ ਦੇ ਮੋਟੋ ਨਾਲ ਜਾਣੂ ਕਰਾਇਆ। ਕੈਂਪ ਦੀਆਂ ਸਮੂਹ ਗਤੀਵਿਧੀਆਂ ਦੌਰਾਨ ਪ੍ਰੋ. ਸੁਪ੍ਰੀਤ ਸਿੰਘ ਸਹਾਇਕ ਅਫ਼ਸਰ ਵਜੋਂ ਗਤੀਸ਼ੀਲ ਰਹੇ।

