ਆਜ਼ਾਦੀ ਦਿਹਾੜਾ 2026: ਡੀਜੀਪੀ ਪੰਜਾਬ ਵੱਲੋਂ ਸਮਾਰੋਹ ਵਾਲੇ ਪ੍ਰਮੁੱਖ ਸਥਾਨਾਂ ‘ਤੇ ਮਜ਼ਬੂਤ ਸੁਰੱਖਿਆ ਵਿਵਸਥਾ ਲਾਗੂ ਕਰਨ ਦੇ ਨਿਰਦੇਸ਼

ਆਜ਼ਾਦੀ ਦਿਹਾੜਾ 2026: ਡੀਜੀਪੀ ਪੰਜਾਬ ਵੱਲੋਂ ਸਮਾਰੋਹ ਵਾਲੇ ਪ੍ਰਮੁੱਖ ਸਥਾਨਾਂ ‘ਤੇ ਮਜ਼ਬੂਤ ਸੁਰੱਖਿਆ ਵਿਵਸਥਾ ਲਾਗੂ ਕਰਨ ਦੇ ਨਿਰਦੇਸ਼

ਡੀਜੀਪੀ ਨੇ ਵੱਖ-ਵੱਖ ਰੇਂਜਾਂ ਵਿੱਚ ਜ਼ਿਲ੍ਹਾ ਪੁਲਿਸ ਮੁਖੀਆਂ, ਐਸਐਚਓਜ਼ ਅਤੇ ਫੀਲਡ ਅਫ਼ਸਰਾਂ ਨਾਲ ਕੀਤੀ ਗੱਲਬਾਤ

(ਪਟਿਆਲਾ 12 ਅਗਸਤ – ਜਸਵਿੰਦਰ ਜੁਲਕਾ ਨਿਊਜ਼ ਰੂਮ ਬਿਊਰੋ) ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ਅਨੁਸਾਰ ਆਜ਼ਾਦੀ ਦਿਵਸ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਪੁਲਿਸ ਡਾਇਰੈਕਟਰ ਜਨਰਲ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਅੱਜ ਐਸਏਐਸ ਨਗਰ ਅਤੇ ਪਟਿਆਲਾ ਦਾ ਦੌਰਾ ਕੀਤਾ ਅਤੇ ਸੀਨੀਅਰ ਅਧਿਕਾਰੀਆਂ ਅਤੇ ਫੀਲਡ ਅਫਸਰਾਂ ਨਾਲ ਕਾਨੂੰਨ – ਵਿਵਸਥਾ ਸਮੀਖਿਆ ਮੀਟਿੰਗਾਂ ਦੀ ਪ੍ਰਧਾਨਗੀ ਕੀਤੀ। ਡੀਜੀਪੀ ਨੇ ਸੂਬੇ ਭਰ ਵਿੱਚ ਖ਼ਤਰੇ ਦੀ ਸੰਭਾਵਨਾ, ਅੱਤਵਾਦ ਵਿਰੋਧੀ ਤਿਆਰੀਆਂ, ਆਜ਼ਾਦੀ ਦਿਵਸ ਮੌਕੇ ‘ਤੇ ਸੁਰੱਖਿਆ ਅਤੇ ਸ਼ਾਂਤੀ ਤੇ ਸਦਭਾਵਨਾ ਨੂੰ ਬਰਕਰਾਰ ਰੱਖਣ ਤੇ ਜ਼ੋਰ ਦਿੰਦਿਆਂ ਅਮਲੀ ਨਿਰਦੇਸ਼ ਜਾਰੀ ਕੀਤੇ। ਐਸਏਐਸ ਨਗਰ ਵਿੱਚ ਆਪਣੇ ਦੂਜੇ ਦਿਨ ਦੇ ਦੌਰੇ ਦੀ ਸ਼ੁਰੂਆਤ ਕਰਦਿਆਂ, ਡੀਜੀਪੀ ਨੇ ਰੂਪਨਗਰ ਰੇਂਜ ਦੇ ਅਧਿਕਾਰੀਆਂ ਨਾਲ ਵਿਆਪਕ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕੀਤੀ। ਇਸ ਰੇਂਜ ਵਿੱਚ ਐਸਏਐਸ ਨਗਰ, ਰੂਪਨਗਰ ਅਤੇ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਸ਼ਾਮਲ ਹਨ। ਮੀਟਿੰਗ ਦੌਰਾਨ, ਉਨ੍ਹਾਂ ਨੇ ਅਧਿਕਾਰੀਆਂ ਨੂੰ ਨਜ਼ਦੀਕੀ ਤਾਲਮੇਲ ਬਣਾਈ ਰੱਖਣ, ਪੁਲਿਸ ਦੀ ਬਿਹਤਰ ਮੌਜੂਦਗੀ ਨੂੰ ਯਕੀਨੀ ਬਣਾਉਣ ਅਤੇ ਕਿਸੇ ਵੀ ਉੱਭਰ ਰਹੀ ਚੁਣੌਤੀ ਦਾ ਤੁਰੰਤ ਅਤੇ ਫੈਸਲਾਕੁੰਨ ਨਿਪਟਾਰਾ ਕਰਨ ਦੇ ਨਿਰਦੇਸ਼ ਦਿੱਤੇ। ਪੁਲਿਸ ਅਧਿਕਾਰੀਆਂ ਨਾਲ ਸਿੱਧੇ ਤੌਰ ‘ਤੇ ਗੱਲਬਾਤ ਕਰਦਿਆਂ, ਉਨ੍ਹਾਂ ਨੇ ਅਧਿਕਾਰੀਆਂ ਦੇ ਸੁਝਾਅ ਸੁਣੇ ਅਤੇ ਉਨ੍ਹਾਂ ਨੂੰ ਸੁਚੇਤ ਅਤੇ ਆਪਣੀਆਂ ਜ਼ਿੰਮੇਵਾਰੀਆਂ ਪ੍ਰਤੀ ਪੂਰੀ ਤਰ੍ਹਾਂ ਵਚਨਬੱਧ ਰਹਿਣ ਲਈ ਕਿਹਾ। ਐਸਏਐਸ ਨਗਰ ਦੌਰੇ ਤੋਂ ਬਾਅਦ, ਡੀਜੀਪੀ ਨੇ ਪਟਿਆਲਾ ਵਿਖੇ ਪਟਿਆਲਾ ਰੇਂਜ ਦੇ ਅਧਿਕਾਰੀਆਂ ਨਾਲ ਵਿਆਪਕ ਸੁਰੱਖਿਆ ਸਮੀਖਿਆ ਮੀਟਿੰਗ ਕੀਤੀ। ਇਸ ਰੇਂਜ ਵਿੱਚ ਪਟਿਆਲਾ, ਸੰਗਰੂਰ, ਬਰਨਾਲਾ ਅਤੇ ਮਾਲੇਰਕੋਟਲਾ ਜ਼ਿਲ੍ਹੇ ਸ਼ਾਮਲ ਹਨ। ਇਸ ਦੌਰਾਨ ਸਮਾਰੋਹ ਵਾਲੇ ਪ੍ਰਮੁੱਖ ਸਥਾਨਾਂ ‘ਤੇ ਮਜ਼ਬੂਤ ਸੁਰੱਖਿਆ ਵਿਵਸਥਾ ਲਾਗੂ ਕਰਨ ਅਤੇ ਸਰਗਰਮ ਭਾਈਚਾਰਕ ਸ਼ਮੂਲੀਅਤ ਯਕੀਨੀ ਬਣਾਉਣ ਸਬੰਧੀ ਚਰਚਾ ਕੀਤੀ ਗਈ। ਐਸਐਚਓਜ਼ ਅਤੇ ਫੀਲਡ ਅਫਸਰਾਂ ਨਾਲ ਗੱਲਬਾਤ ਕਰਦਿਆਂ, ਡੀਜੀਪੀ ਯਾਦਵ ਨੇ ਉਨ੍ਹਾਂ ਨੂੰ ਚੌਕਸੀ ਬਣਾਈ ਰੱਖਣ, ਭਾਈਚਾਰਕ ਪਹੁੰਚ ਨੂੰ ਮਜ਼ਬੂਤ ਕਰਨ ਲਈ ਉਤਸ਼ਾਹਿਤ ਕੀਤਾ।

ਇਸ ਮੌਕੇ ਡੀਆਈਜੀ ਪਟਿਆਲਾ ਰੇਂਜ ਕੁਲਦੀਪ ਚਾਹਲ, ਡੀਆਈਜੀ ਰੂਪਨਗਰ ਰੇਂਜ ਨਾਨਕ ਸਿੰਘ, ਐਸਐਸਪੀ ਵਰੁਣ ਸ਼ਰਮਾ, ਐਸਐਸਪੀ ਸੰਗਰੂਰ ਡਾ. ਰਵਜੋਤ ਗਰੇਵਾਲ, ਐਸਐਸਪੀ ਐਸਏਐਸ ਨਗਰ ਹਰਮਨਦੀਪ ਹੰਸ, ਐਸਐਸਪੀ ਫਤਿਹਗੜ੍ਹ ਸਾਹਿਬ ਸ਼ੁਭਮ ਅਗਰਵਾਲ, ਐਸਐਸਪੀ ਬਰਨਾਲਾ ਮੁਹੰਮਦ ਸਰਫਰਾਜ਼ ਆਲਮ, ਐਸਐਸਪੀ ਰੂਪਨਗਰ ਮਨਿੰਦਰ ਸਿੰਘ ਅਤੇ ਐਸਐਸਪੀ ਮਾਲੇਰਕੋਟਲਾ ਗੁਰਮੀਤ ਸਿੰਘ ਸਮੇਤ ਮੁੱਖ ਅਧਿਕਾਰੀਆਂ ਹਾਜ਼ਰ ਸਨ।

More From Author

ਪਾਵਰਕੌਮ ਅਤੇ ਟਰਾਂਸਕੋ ਪੈਨਸ਼ਨ ਯੂਨੀਅਨ ਦੇ ਪੈਨਸ਼ਨਰਜ ਚੰਡੀਗੜ੍ਹ ਮਹਾ ਰੈਲੀ ਲਈ ਪਟਿਆਲਾ ਤੋਂ ਹੋਏ ਰਵਾਨਾ – ਇੰਦਰਜੀਤ ਸਿੰਘ ਗਿੱਲ

Leave a Reply

Your email address will not be published. Required fields are marked *