ਵਿਧਾਇਕ ਕੋਹਲੀ, ਮੇਅਰ ਗੋਗੀਆ ਤੇ ਚੇਅਰਮੈਨ ਮਹਿਤਾ ਨੇ ਡੇਢ ਮਹੀਨੇ ਤੋਂ ਚੱਲ ਰਿਹਾ ਸ਼੍ਰੀ ਵਾਮਨ ਅਵਤਾਰ ਮੰਦਰ ਅੰਦੋਲਨ ਖਤਮ ਕਰਵਾਇਆ

ਵਿਧਾਇਕ ਕੋਹਲੀ, ਮੇਅਰ ਗੋਗੀਆ ਤੇ ਚੇਅਰਮੈਨ ਮਹਿਤਾ ਨੇ ਡੇਢ ਮਹੀਨੇ ਤੋਂ ਚੱਲ ਰਿਹਾ ਸ਼੍ਰੀ ਵਾਮਨ ਅਵਤਾਰ ਮੰਦਰ ਅੰਦੋਲਨ ਖਤਮ ਕਰਵਾਇਆ

ਸਰਕਾਰ ਤੇ ਪ੍ਰਸ਼ਾਸਨ ਵੱਲੋਂ ਮੁਰੰਮਤ ਤੇ ਸਰੋਵਰ ਸਫ਼ਾਈ ਦਾ ਭਰੋਸਾ

ਮਰਨ ਵਰਤੀਆਂ ਨੂੰ ਜੂਸ ਪਿਲਾ ਕੇ ਅੰਦੋਲਨ ਸਮਾਪਤ

(ਪਟਿਆਲਾ 13 ਮਾਰਚ – ਜਸਵਿੰਦਰ ਜੁਲਕਾ ਨਿਊਜ ਰੂਮ ਬਿਊਰੋ) ਪਟਿਆਲਾ ਸ਼ਹਿਰੀ ਦੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ, ਜਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਤੇਜਿੰਦਰ ਮਹਿਤਾ ਅਤੇ ਮੇਅਰ ਕੁੰਦਨ ਗੋਗੀਆ ਵੱਲੋਂ ਸ਼ਹਿਰ ਦੇ ਪ੍ਰਾਚੀਨ ਧਾਰਮਿਕ ਸਥਾਨ ਸ੍ਰੀ ਵਾਮਨ ਅਵਤਾਰ ਮੰਦਰ ਦੀ ਮੁਰੰਮਤ ਅਤੇ ਸਰੋਵਰ ਦੀ ਸਫ਼ਾਈ ਦੀ ਮੰਗ ਨੂੰ ਲੈ ਕੇ ਪਿਛਲੇ ਕਰੀਬ ਡੇਢ ਮਹੀਨੇ ਤੋਂ ਵੱਖ-ਵੱਖ ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਵੱਲੋਂ ਚਲਾਇਆ ਜਾ ਰਿਹਾ ਅੰਦੋਲਨ , ਅੱਜ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਮੰਗਾਂ ਮੰਨਣ ਦੇ ਭਰੋਸੇ ਮਗਰੋਂ ਸਮਾਪਤ ਕਰਵਾਇਆ ਗਿਆ।
ਅੰਦੋਲਨ ਦੌਰਾਨ ਮਰਨ ਵਰਤ ’ਤੇ ਬੈਠੇ ਅਨੁਰਾਗ ਸ਼ਰਮਾ ਅਤੇ ਉਸਦੇ ਸਾਥੀਆਂ ਸੁਸ਼ੀਲ ਨਈਅਰ ਤੇ ਵਰੁਣ ਜਿੰਦਲ ਨੂੰ  ਵਿਧਾਇਕ ਅਜੀਤਪਾਲ ਸਿੰਘ ਕੋਹਲੀ, ਚੈਅਰਮੈਨ ਤੇਜਿੰਦਰ ਮਹਿਤਾ ਅਤੇ ਮੇਅਰ ਕੁੰਦਨ ਗੋਗੀਆ ਵੱਲੋਂ ਜੂਸ ਪਿਲਾਇਆ ਗਿਆ। ਇਸ ਮੌਕੇ ਤਿੰਨਾਂ ਆਗੂਆਂ ਵੱਲੋਂ ਐਸ.ਡੀ.ਐਮ ਪਟਿਆਲਾ ਵੱਲੋਂ ਜਾਰੀ ਕੀਤਾ ਗਿਆ ਲਿਖਿਤ ਭਰੋਸਾ ਪੱਤਰ ਵੀ ਅੰਦੋਲਨਕਾਰੀਆਂ ਨੂੰ ਸੌਂਪਿਆ ਗਿਆ। ਇਸ ਪੱਤਰ ਵਿੱਚ ਦਰਜ ਹੈ ਕਿ ਮੰਦਰ ਦੀ ਮੁਰੰਮਤ ਅਤੇ ਸਰੋਵਰ ਦੀ ਸਫ਼ਾਈ ਦਾ ਕੰਮ ਜਲਦੀ ਸ਼ੁਰੂ ਕੀਤਾ ਜਾਵੇਗਾ ਅਤੇ ਇਹ ਕੰਮ ਮੁਕੰਮਲ ਹੋਣ ਤੱਕ ਲਗਾਤਾਰ ਜਾਰੀ ਰਹੇਗਾ। ਵਿਧਾਇਕ ਕੋਹਲੀ ਨੇ ਕਿਹਾ ਕਿ ਮੰਦਰ ਦੇ ਕਾਇਆ ਕਲਪ ਲਈ ਫੰਡਾਂ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਇਸ ਸਬੰਧੀ ਸਰਕਾਰ ਨਾਲ ਪੂਰਾ ਤਾਲਮੇਲ ਰੱਖਿਆ ਜਾਵੇਗਾ। ਮੇਅਰ  ਗੋਗੀਆ ਨੇ ਕਿਹਾ ਕਿ ਨਗਰ ਨਿਗਮ ਵੱਲੋਂ ਸਰੋਵਰ ਦੀ ਸਫ਼ਾਈ ਲਈ ਮਸ਼ੀਨਰੀ ਲਗਾਈ ਜਾਵੇਗੀ ਤਾਂ ਜੋ ਸਰੋਵਰ ਨੂੰ ਮੁੜ ਸੁੰਦਰ ਬਣਾਇਆ ਜਾ ਸਕੇ।
ਇਸੇ ਦੌਰਾਨ ਚੇਅਰਮੈਨ ਤੇਜਿੰਦਰ ਮਹਿਤਾ ਨੇ ਕਿਹਾ ਕਿ ਸ੍ਰੀ ਵਾਮਨ ਅਵਤਾਰ ਮੰਦਰ ਪਟਿਆਲਾ ਦੀ ਧਾਰਮਿਕ ਅਤੇ ਸੱਭਿਆਚਾਰਕ ਵਿਰਾਸਤ ਦਾ ਮਹੱਤਵਪੂਰਨ ਕੇਂਦਰ ਹੈ ਅਤੇ ਇਸਦੀ ਸੰਭਾਲ ਅਤੇ ਵਿਕਾਸ ਲਈ ਹਰ ਸੰਭਵ ਯਤਨ ਕੀਤੇ ਜਾਣਗੇ ਅਤੇ ਜਿਲ੍ਹਾ ਯੋਜਨਾ ਕਮੇਟੀ ਵੱਲੋਂ ਮੰਦਰ ਦੇ ਵਿਕਾਸ ਅਤੇ ਸੁਧਾਰ ਲਈ 10 ਲੱਖ ਰੁਪਏ ਦੇ ਫੰਡ ਜਾਰੀ ਕਰਨ ਦਾ ਫੈਸਲਾ ਕੀਤਾ ਗਿਆ ਹੈ। ਉਨ੍ਹਾਂ ਅੱਗੇ ਕਿਹਾ ਕਿ ਮੰਦਰ ਦੇ ਜੀਰਣੋਦਾਰ ਦੇ ਕੰਮ ਨੂੰ ਪੂਰੀ ਪਾਰਦਰਸ਼ਤਾ ਅਤੇ ਗੁਣਵੱਤਾ ਨਾਲ ਅੰਜਾਮ ਦਿੱਤਾ ਜਾਵੇਗਾ ਅਤੇ ਲੋੜ ਪੈਣ ’ਤੇ ਹੋਰ ਫੰਡ ਵੀ ਮੁਹੱਈਆ ਕਰਵਾਏ ਜਾਣਗੇ। ਮਹਿਤਾ ਨੇ ਕਿਹਾ ਕਿ ਧਾਰਮਿਕ ਸਥਾਨਾਂ ਦੀ ਸੰਭਾਲ ਸਿਰਫ ਸਰਕਾਰ ਦੀ ਹੀ ਨਹੀਂ ਸਗੋਂ ਸਮਾਜ ਦੀ ਸਾਂਝੀ ਜ਼ਿੰਮੇਵਾਰੀ ਵੀ ਹੈ ਅਤੇ ਇਸ ਕੰਮ ਵਿੱਚ ਸਾਰੇ ਵਰਗਾਂ ਦਾ ਸਹਿਯੋਗ ਲਿਆ ਜਾਵੇਗਾ ਤਾਂ ਜੋ ਮੰਦਰ ਅਤੇ ਇਸਦੇ ਸਰੋਵਰ ਨੂੰ ਮੁੜ ਭਗਤਾਂ ਲਈ ਆਕਰਸ਼ਕ ਅਤੇ ਸੁੰਦਰ ਬਣਾਇਆ ਜਾ ਸਕੇ।
ਇਸ ਮੌਕੇ ਹਿੰਦੂ ਆਗੂ ਸੰਜੀਵ ਕੁਮਾਰ ਬਬਲਾ, ਵਿਨੋਦ ਸਿੰਗਲਾ, ਵਿਨੀਤ ਸਹਿਗਲ ਬਿੰਨੀ, ਵਿਨੋਦ ਬਾਲੀ, ਦਵਿੰਦਰ ਸਿੰਘ ਜੰਡੂ, ਜਗਜੀਤ ਸਿੰਘ ਸੱਗੂ, ਰਵਿੰਦਰ ਬੰਸਲ, ਸੁਰਿੰਦਰ ਮੋਤੀ ਜੰਡੂ, ਅਨਿਲ ਸਿੰਗਲਾ, ਚੰਦਰਦੀਪ ਧੀਮਾਨ, ਆਮ ਆਦਮੀ ਪਾਰਟੀ ਦੇ ਸੋਸ਼ਲ ਮੀਡੀਆ ਪ੍ਰਧਾਨ ਸੁਮੀਤ ਤਕੇਜਾ, ਸੁਰਿੰਦਰ ਨਿੱਕੂ ਸਮੇਤ ਸ਼ਹਿਰ ਦੇ ਵੱਖ-ਵੱਖ ਵਰਗਾਂ ਦੇ ਨੁਮਾਇੰਦੇ ਵੀ ਮੌਜੂਦ ਸਨ।

More From Author

ਜੰਗ ਦੇ ਦੌਰਾਨ ਸ਼ੇਅਰ ਬਾਜ਼ਾਰ 6, 214 ਅਤੇ 2 ਦੋ ਜਨਵਰੀ ਤੋਂ ਹੁਣ ਤੱਕ ਪੀਕ ਤੋ 9,728 ਤਕਰੀਬਨ 11% ਤੱਕ ਨੀਚੇ ਡਿੱਗਿਆ

Leave a Reply

Your email address will not be published. Required fields are marked *