ਮਾਰਚ ਵਿੱਚ ਮੌਸਮ ਦਾ ਯੂ-ਟਰਨ : ਪੰਜਾਬ ਵਿੱਚ ਮੀਂਹ ਨਾਲ ਵਧੀ ਠੰਢ, ਹਿਮਾਚਲ ਵਿੱਚ 23 ਤੱਕ ਬਰਫਬਾਰੀ
(ਪਟਿਆਲਾ/ਚੰਡੀਗੜ੍ਹ, 18 ਮਾਰਚ – ਨਵਨੀਤ ਬੰਸਲ ਨਿਊਜ਼ ਰੂਮ 7) ਮਾਰਚ ਦੇ ਮਹੀਨੇ ਵਿੱਚ ਜਿੱਥੇ ਆਮ ਤੌਰ ‘ਤੇ ਗਰਮੀ ਦੀ ਸ਼ੁਰੂਆਤ ਹੋ ਜਾਂਦੀ ਹੈ, ਉੱਥੇ ਇਸ ਵਾਰ ਮੌਸਮ ਨੇ ਅਚਾਨਕ ਮੋੜ ਲੈਂਦੇ ਹੋਏ ਜਨਵਰੀ ਵਰਗੀ ਠੰਢ ਦਾ ਅਹਿਸਾਸ ਕਰਵਾ ਦਿੱਤਾ ਹੈ। India Meteorological Department (IMD) ਦੇ ਅਨੁਸਾਰ ਪੱਛਮੀ ਵਿਭੋਰ ਦੇ ਸਰਗਰਮ ਹੋਣ ਕਾਰਨ ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਵਿੱਚ ਮੌਸਮ ਦਾ ਮਿਜਾਜ ਪੂਰੀ ਤਰ੍ਹਾਂ ਬਦਲ ਗਿਆ ਹੈ। ਪੰਜਾਬ ਵਿੱਚ ਮੀਂਹ ਅਤੇ ਠੰਢ ਵਿੱਚ ਵਾਧਾ ਹੋਇਆ ਹੈ ਅਤੇ ਕਈ ਹਿੱਸਿਆਂ ਖ਼ਾਸ ਕਰਕੇ ਪਟਿਆਲਾ ਸਮੇਤ ਮਾਲਵਾ ਖੇਤਰ ਵਿੱਚ ਲਗਾਤਾਰ ਰੁਕ-ਰੁਕ ਕੇ ਮੀਂਹ ਪੈ ਰਿਹਾ ਹੈ। ਮੀਂਹ ਕਾਰਨ ਦਿਨ ਅਤੇ ਰਾਤ ਦੇ ਤਾਪਮਾਨ ਵਿੱਚ ਕਮੀ ਦਰਜ ਕੀਤੀ ਗਈ ਹੈ, ਜਿਸ ਨਾਲ ਲੋਕਾਂ ਨੂੰ ਠੰਢ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਵੇਰੇ ਅਤੇ ਸ਼ਾਮ ਦੇ ਸਮੇਂ ਠੰਢੀਆਂ ਹਵਾਵਾਂ ਚੱਲਣ ਨਾਲ ਹਲਕੀ ਸਰਦੀ ਦਾ ਅਹਿਸਾਸ ਹੋ ਰਿਹਾ ਹੈ। ਮਾਰਚ ਵਿੱਚ ਇਸ ਤਰ੍ਹਾਂ ਦੀ ਠੰਢ ਨੇ ਲੋਕਾਂ ਦੀ ਦਿਨ ਚਰਿਆ ‘ਤੇ ਅਸਰ ਪਾਇਆ ਹੈ। ਜਿੱਥੇ ਪਹਿਲਾਂ ਲੋਕ ਹਲਕੇ ਕੱਪੜਿਆਂ ਵਿੱਚ ਆ ਗਏ ਸਨ, ਉੱਥੇ ਹੁਣ ਮੁੜ ਗਰਮ ਕੱਪੜੇ ਕੱਢਣ ਪਏ ਹਨ। ਕਿਸਾਨਾਂ ਲਈ ਵੀ ਇਹ ਮੌਸਮ ਚਿੰਤਾ ਦਾ ਕਾਰਣ ਬਣ ਸਕਦਾ ਹੈ, ਖ਼ਾਸ ਕਰਕੇ ਗੇਹੂੰ ਦੀ ਫਸਲ ‘ਤੇ ਇਸਦਾ ਅਸਰ ਪੈਣ ਦੀ ਸੰਭਾਵਨਾ ਹੈ। ਇਸੇ ਤਰ੍ਹਾਂ 20 ਅਤੇ 21 ਮਾਰਚ ਨੂੰ ਪਟਿਆਲਾ ਅਤੇ ਇਸ ਦੇ ਆਸ ਪਾਸ ਦੇ ਖੇਤਰਾਂ ਵਿੱਚ ਹਲਕੇ ਤੋਂ ਦਰਮਿਆਨੇ ਮੀਂਹ ਅਤੇ ਹਨੇਰੀ ਚੱਲਣ ਦੀ ਸੰਭਾਵਨਾ ਹੈ।
ਹਿਮਾਚਲ ਵਿੱਚ ਵੀ ਬਰਫਬਾਰੀ ਦਾ ਦੌਰ ਜਾਰੀ ਹੈ। ਹਿਮਾਚਲ ਪ੍ਰਦੇਸ਼ ਦੇ ਉੱਚਾਈ ਵਾਲੇ ਇਲਾਕਿਆਂ ਵਿੱਚ 23 ਮਾਰਚ ਤੱਕ ਬਰਫਬਾਰੀ ਅਤੇ ਮੀਂਹ ਦਾ ਦੌਰ ਜਾਰੀ ਰਹਿਣ ਦਾ ਅਨੁਮਾਨ ਹੈ। ਇਸ ਨਾਲ ਤਾਪਮਾਨ ਵਿੱਚ ਹੋਰ ਕਮੀ ਆ ਸਕਦੀ ਹੈ ਅਤੇ ਪਹਾੜੀ ਇਲਾਕਿਆਂ ਵਿੱਚ ਠੰਢ ਵਧ ਸਕਦੀ ਹੈ। ਮੌਸਮ ਵਿਭਾਗ ਦੇ ਮੁਤਾਬਕ 22-23 ਮਾਰਚ ਤੋਂ ਬਾਅਦ ਮੌਸਮ ਹੌਲੀ-ਹੌਲੀ ਸਾਫ਼ ਹੋਣ ਦੀ ਸੰਭਾਵਨਾ ਹੈ ਅਤੇ ਤਾਪਮਾਨ ਵਿੱਚ ਵਾਧਾ ਦਰਜ ਕੀਤਾ ਜਾ ਸਕਦਾ ਹੈ। ਫਿਲਹਾਲ ਅਗਲੇ ਕੁਝ ਦਿਨਾਂ ਤੱਕ ਠੰਢ ਅਤੇ ਮੀਂਹ ਦਾ ਇਹ ਦੌਰ ਜਾਰੀ ਰਹਿਣ ਦੇ ਆਸਾਰ ਹਨ। ਪ੍ਰਸ਼ਾਸਨ ਨੇ ਲੋਕਾਂ ਨੂੰ ਮੌਸਮ ਨੂੰ ਧਿਆਨ ਵਿੱਚ ਰੱਖਦੇ ਹੋਏ ਸਾਵਧਾਨ ਰਹਿਣ, ਬਿਨਾਂ ਲੋੜ ਯਾਤਰਾ ਤੋਂ ਬਚਣ ਅਤੇ ਠੰਢ ਤੋਂ ਬਚਾਅ ਲਈ ਜ਼ਰੂਰੀ ਪ੍ਰਬੰਧ ਕਰਨ ਦੀ ਸਲਾਹ ਦਿੱਤੀ ਹੈ।

